ਰਵੇਲ ਸਿੰਘ ਭਿੰਡਰ
ਪਟਿਆਲਾ, 19 ਫਰਵਰੀ
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਸਹਿਯੋਗ ਨਾਲ ‘ਕੌਮਾਂਤਰੀ ਮਾਤ ਭਾਸ਼ਾ’ ਦਿਵਸ ਮਨਾਇਆ ਗਿਆ, ਜਿਸ ਵਿੱਚ ਪੰਜਾਬੀ ਭਾਸ਼ਾ ਅਤੇ ਸਿੱਖਿਆ ਦੇ ਪ੍ਰਸਾਰ ਲਈ ਪੰਜਾਬੀ ਯੂਨੀਵਰਸਿਟੀ ਦੀ ਭੂਮਿਕਾ ਵਿਸ਼ੇ ’ਤੇ ਵਿਸ਼ਾਲ ਕਨਵੈਨਸ਼ਨ ਕਰਵਾਈ ਗਈ। ਮੁੱਖ ਮਹਿਮਾਨ ਵਜੋਂ ਸਿੱਖਿਆ ਸ਼ਾਸਤਰੀ ਡਾ. ਤਰਸੇਮ ਬਾਹੀਆ ਸਮੇਤ ਅਹਿਮ ਸ਼ਖ਼ਸੀਅਤਾਂ ਸ਼ਿਰਕਤ ਕੀਤੀ।
ਪੰਜਾਬੀ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਪੰਜਾਬੀ ਬੰਦੇ, ਪੰਜਾਬੀ ਭਾਸ਼ਾ ਤੇ ਪੰਜਾਬੀਅਤ ਤੇ ਹੋ ਰਹੇ ਹਮਲਿਆਂ ਬਾਰੇ ਜਾਗਰੂਕ ਕੀਤਾ। ਪ੍ਰਧਾਨਗੀ ਕਰ ਰਹੇ ਡੀਨ ਭਾਸ਼ਾਵਾਂ ਡਾ. ਸਤਿਨਾਮ ਸਿੰਘ ਸੰਧੂ ਨੇ ਚਿੰਤਾ ਪ੍ਰਗਟਾਈ ਕਿ ਸਰਕਾਰ ਗ਼ਲਤ ਨੀਤੀਆਂ ਬਣਾ ਕੇ ਭਾਸ਼ਾ ਅਤੇ ਵਿੱਦਿਅਕ ਸੰਸਥਾਵਾਂ ਨੂੰ ਖ਼ਤਮ ਕਰਦੀ ਹੈ ਜਿਸ ਕਰਕੇ ਪੰਜਾਬੀ ਭਾਸ਼ਾ ਦੀ ਬੁਨਿਆਦ ਖੁਰ ਰਹੀ ਹੈ। ਕਵੀ ਦਰਸ਼ਨ ਬੁੱਟਰ ਨੇ ਕਿਸਾਨੀ ਅੰਦੋਲਨ ਦੇ ਪੱਖ ਵਿੱਚ ਆਵਾਜ਼ ਬੁਲੰਦ ਕੀਤੀ। ਡਾ. ਸੁਖਦੇਵ ਸਿਰਸਾ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਅਤੇ ਪ੍ਰਸ਼ਾਸਨਿਕ ਕਾਰਵਾਈਆਂ ਦਾ ਮਾਧਿਅਮ ਪੰਜਾਬੀ ਭਾਸ਼ਾ ਵਿੱਚ ਕਰਕੇ ਹੀ ਜੰਗ ਜਿੱਤੀ ਜਾ ਸਕਦੀ ਹੈ। ਡਾ. ਚਰਨਜੀਤ ਕੌਰ ਨੇ ਨਿਆਂ ਅਤੇ ਅਨਿਆਂ ਦੀ ਲੜਾਈ ਦੇ ਸੰਦਰਭ ’ਚ ਵਿਚਾਰ ਪ੍ਰਗਟਾਏ। ਡਾ.ਤਰਸੇਮ ਬਾਹੀਆ ਨੇ ਕਾਲਜਾਂ ਵਿੱਚ ਬੰਦ ਕੀਤੀ ਅਧਿਆਪਕਾਂ ਦੀ ਭਰਤੀ, ਬਜਟ ਅਤੇ ਨਵੀਂ ਸਿੱਖਿਆ ਨੀਤੀ ਦੇ ਹਵਾਲੇ ਨਾਲ ਵਿੱਦਿਆ ਦੇ ਵਪਾਰੀਕਰਨ ਬਾਰੇ ਚਿੰਤਾ ਪ੍ਰਗਟਾਈ। ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਤੇ ਸੀਨੀਅਰ ਪ੍ਰੋਫ਼ੈਸਰ ਡਾ. ਰਾਜਿੰਦਰਪਾਲ ਸਿੰਘ ਬਰਾੜ ਤੇ ਪੱਤਰਕਾਰ ਹਮੀਰ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ।
ਵਿਦਿਆਰਥੀ ਜਥੇਬੰਦੀਆਂ ਵਿਚਾਲੇ ਪੈਨਲ ਡਿਸਕਸ਼ਨ
ਸਮਾਗਮ ਦੇ ਦੂਜੇ ਸ਼ੈਸਨ ਵਿੱਚ ਯੂਨੀਵਰਸਿਟੀ ਦੀਆਂ ਵਿਦਿਆਰਥੀ ਜੱਥੇਬੰਦੀਆਂ ਵਿਚਾਲੇ ਪੈਨਲ ਡਿਸਕਸ਼ਨ ਕਰਵਾਈ ਗਈ। ਇਸ ਵਿੱਚ ਅਮਨਦੀਪ ਸਿੰਘ, ਗੁਰਮੀਤ ਰੁਮਾਣਾ, ਗੁਰਪ੍ਰੀਤ ਸਿੰਘ, ਵਰਿੰਦਰ ਖੁਰਾਣ, ਬਲਕਾਰ ਸਿੰਘ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਸੰਕਟ ਸਬੰਧੀ ਵਿਚਾਰ ਸਾਂਝੇ ਕੀਤੇ। ਜਦੋਂਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਪੰਜਾਬੀ ਬੋਲੀ ਦੇ ਹੱਕ ’ਚ ਮਨੁੱਖੀ ਲੜੀ ਬਣਾ ਕੇ ਮਾਰਚ ਵੀ ਕੀਤਾ। ਗਾਇਕ ਪੰਮੀ ਬਾਈ, ਰੌਸ਼ਨ ਪ੍ਰਿੰਸ, ਕਵਿੱਤਰੀ ਸੁਖਵਿੰਦਰ ਅੰਮ੍ਰਿਤ, ਪਵਨ ਸਰਵਰ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਬਲਦੇਵ ਸਿੰਘ ਧਾਲੀਵਾਲ, ਸ਼ਤੀਸ ਵਰਮਾ, ਗੁਰਜੰਟ ਸਿੰਘ, ਨੀਤੂ ਅਰੋੜਾ, ਅਵਨੀਤਪਾਲ ਸਿੰਘ, ਜੋਗਾ ਸਿੰਘ, ਰਾਜਵੰਤ ਕੌਰ ਪੰਜਾਬੀ, ਰਾਜਵਿੰਦਰ ਸਿੰਘ, ਕਿਰਪਾਲ ਕਜ਼ਾਕ ਆਦਿ ਤੋਂ ਇਲਾਵਾ ਖੋਜਾਰਥੀਆਂ ਅਤੇ ਵਿਦਿਆਰਥੀਆਂ ਸ਼ਿਰਕਤ ਕੀਤੀ।