ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 12 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਿੱਖ ਨੌਜਵਾਨਾਂ ਅਤੇ ਵਿਦਿਆਰਥੀਆਂ ਵਿਚ ਸਿੱਖ ਧਰਮ ਅਤੇ ਆਪਣੇ ਵਿਰਸੇ ਪ੍ਰਤੀ ਨਵੀਂ ਚੇਤਨਾ ਪੈਦਾ ਕਰਨ ਲਈ ਇਕ ਹਫ਼ਤੇ ਤੱਕ ਚੱਲਣ ਵਾਲਾ ਗੁਰਮਤਿ ਚੇਤਨਾ ਕੈਂਪ ਅੱਜ ਆਰੰਭ ਹੋ ਗਿਆ ਹੈ। ਇਸ ਕੈਂਪ ਦੀ ਸਮਾਪਤੀ 18 ਜੂਨ ਨੂੰ ਹੋਵੇਗੀ। ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਮੈਂਬਰ ਹਰਜਾਪ ਸਿੰਘ ਦੇ ਵਿਸ਼ੇਸ਼ ਉਪਰਾਲੇ ਨਾਲ ਲਗਾਏ ਗਏ ਇਸ ਕੈਂਪ ਵਿਚ ਵੱਖ-ਵੱਖ ਥਾਵਾਂ ਤੋਂ ਨੌਂਵੀ ਤੋਂ ਬਾਰ੍ਹਵੀ ਜਮਾਤ ਤੱਕ ਦੇ ਢਾਈ ਸੌ ਦੇ ਕਰੀਬ ਸਿੱਖ ਵਿਦਿਆਰਥੀ ਪਹੁੰਚੇ ਹਨ।
ਕੈਂਪ ਦੀ ਆਰੰਭਤਾ ਤੋਂ ਪਹਿਲਾਂ ਸਵੇਰੇ ਪੰਜ ਵਜੇ ਵਿਦਿਆਰਥੀਆਂ ਨੇ ਸੰਗਤੀ ਰੂਪ ਵਿਚ ਨਿੱਤਨੇਮ ਕੀਤਾ। ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਖਾਲਸਈ ਨਿਸ਼ਾਨ ਸਾਹਿਬ ਨੂੰ ਸਲਾਮੀ ਦਿੱਤੀ ਗਈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਅਜੋਕੇ ਸਮੇਂ ਸਿੱਖ ਨੌਜਵਾਨਾਂ ਨੂੰ ਸਿੱਖੀ ਵਿਚ ਪ੍ਰਪੱਕ ਕਰਨ ਲਈ ਗੁਰਮਤਿ ਚੇਤਨਾ ਕੈਂਪ ਉਪਯੋਗੀ ਸਾਬਤ ਹੋਣਗੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਚੇਤਨਾ ਕੈਂਪ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ।