ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਤਖ਼਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਵੱਲੋਂ ਅੱਜ ਦਲ ਦੀ 21 ਮੈਂਬਰੀ ਕਮੇਟੀ ਕਾਇਮ ਕਰਨ ਦਾ ਐਲਾਨ ਕੀਤਾ ਗਿਆ। ਸ੍ਰੀ ਹਿੱਤ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ, ਜਿਸ ਦੀ ਸਥਾਪਨਾ ਵੱਡੀ ਗਿਣਤੀ ਸ਼ਹਾਦਤਾਂ ਮਗਰੋਂ ਹੋਈ ਹੈ, ਇਹ ਕਦੇ ਖ਼ਤਮ ਨਹੀਂ ਹੋ ਸਕਦੀ। ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਦਿੱਲੀ ਵਿੱਚ ਪਾਰਟੀ ਦੀ ਕਮਾਨ ਸ੍ਰੀ ਹਿੱਤ ਨੂੰ ਸੌਂਪੀ ਸੀ। ਅੱਜ ਸ੍ਰੀ ਹਿੱਤ ਨੇ ਤਿਲਕ ਮਾਰਗ ਸਥਿਤ ਸੁਖਬੀਰ ਬਾਦਲ ਦੀ ਰਿਹਾਇਸ਼ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਦਫ਼ਤਰ ’ਤੇ ਪੰਥਕ ਦੋਖੀਆਂ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪਾਰਟੀ ਕਾਰਕੁਨਾਂ ਨਾਲ ਰਲ ਕੇ ਪਾਰਟੀ ਦਫ਼ਤਰ ’ਤੇ ਕਬਜ਼ਾ ਕਰਨ ਵਾਲਿਆਂ ਨਾਲ ਲੜਨਗੇ ਤੇ ਇੱਕ ਵਾਰ ਮੁੜ ਜਿੱਤ ਹਾਸਲ ਕਰਨਗੇ।