ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 27 ਜੁਲਾਈ
ਨੰਗਲ ਨਜ਼ਦੀਕ ਭਾਖੜਾ ਨਹਿਰ ’ਚੋਂ ਸਰਹਿੰਦ ਦੀ ਵਸਨੀਕ ਅਧਿਆਪਕਾ ਅਤੇ ਉਸ ਦੀ ਧੀ ਦੀਆਂ ਪਿਛਲੇ ਦਿਨੀ ਮਿਲੀਆਂ ਲਾਸ਼ਾਂ ਦੇ ਮਾਮਲੇ ’ਚ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਆਟੋ ਚਾਲਕ ਮਨਦੀਪ ਸਿੰਘ ਵਾਸੀ ਪਿੰਡ ਫਾਟਕਮਾਜਰੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸਐੱਚਓ ਥਾਣਾ ਫ਼ਤਹਿਗੜ੍ਹ ਸਾਹਿਬ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਧਿਆਪਕਾ ਜਸਪਾਲ ਕੌਰ ਦੇ ਲੜਕੇ ਬਬਨਪ੍ਰੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਸੀ ਕਿ ਬੀਤੇ ਤਿੰਨ ਕੁ ਸਾਲਾਂ ਤੋਂ ਉੁਨ੍ਹਾਂ ਦੇ ਘਰ ਆ ਰਿਹਾ ਮਨਦੀਪ ਸਿੰਘ ਖੁਦ ਨੂੰ ਉਨ੍ਹਾਂ ਦੇ ਘਰ ਦਾ ਮੁਖੀ ਸਮਝਣ ਲੱਗ ਪਿਆ ਸੀ ਤੇ ਉਸ ਵੱਲੋਂ ਅਕਸਰ ਹੀ ਉਸ ਦੀ ਮਾਤਾ ਜਸਪਾਲ ਕੌਰ ਅਤੇ ਭੈਣ ਮਨਮੀਤ ਕੌਰ ਦੀ ਕੁੱਟਮਾਰ ਕੀਤੀ ਜਾਂਦੀ ਸੀ ਤੇ ਬੀਤੀ 18 ਜੁਲਾਈ ਨੂੰ ਵੀ ਮਨਦੀਪ ਸਿੰਘ ਉਸ ਦੀ ਮਾਤਾ ਨੂੰ ਡਰਾ ਧਮਕਾ ਕੇ ਕਿੱਧਰੇ ਲੈ ਕੇ ਗਿਆ ਜਿਸ ਉਪਰੰਤ ਸ਼ਾਮ ਨੂੰ ਘਰ ਪਹੁੰਚੀ ਉਸ ਦੀ ਮਾਂ ਦੀ ਅੱਖ ’ਤੇ ਸੱਟ ਦਾ ਨਿਸ਼ਾਨ ਸੀ। ਇਸ ਬਾਰੇ ਪੁੱਛੇ ਜਾਣ ’ਤੇ ਉਸ ਦੀ ਮਾਤਾ ਜਸਪਾਲ ਕੌਰ ਨੇ ਉਸ ਨੂੰ ਦੱਸਿਆ ਕਿ ਮਨਦੀਪ ਸਿੰਘ ਵੱਲੋਂ ਅੱਜ ਫਿਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਉਹ ਉਸ ਨੂੰ ਧਮਕਾ ਰਿਹਾ ਹੈ ਕਿ ਤੇਰੀਆਂ ਸਾਰੀਆਂ ਗੱਲਾਂ ਜਨਤਕ ਕਰ ਦੇਵਾਂਗਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮਨਦੀਪ ਸਿੰਘ ਤੋਂ ਤੰਗ ਪ੍ਰੇਸ਼ਾਨ ਹੋ ਕੇ ਹੀ ਉਸ ਦੀ ਮਾਂ ਅਤੇ ਭੈਣ ਨੇ ਆਤਮਹੱਤਿਆ ਕੀਤੀ ਹੈ। ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ।