ਆਤਿਸ਼ ਗੁਪਤਾ
ਚੰਡੀਗੜ੍ਹ, 21 ਜਨਵਰੀ
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਜਾਰੀ ਕਿਸਾਨ ਅੰਦੋਲਨ ਦਾ ਲਗਾਤਾਰ ਸਮਰਥਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਧਰਨੇ, ਪ੍ਰਦਰਸ਼ਨ, ਸੈਮੀਨਾਰ ਅਤੇ ਮਨੁੱਖੀ ਲੜੀਆਂ ਬਣਾ ਕੇ ਕਿਸਾਨੀ ਅੰਦੋਲਨ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਪਿਛਲੇ ਪੰਦਰਾਂ ਦਿਨਾਂ ਤੋਂ ਸਮੁੱਚੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਜ਼ਿਲ੍ਹਾ ਪੱਧਰ ’ਤੇ ਗੀਤ-ਸੰਗੀਤ, ਨਾਟਕਾਂ ਅਤੇ ਕਵੀ ਦਰਬਾਰਾਂ ਰਾਹੀਂ ਮਨੁੱਖੀ ਲੜੀਆਂ ਵਜੋਂ ਆਪਣੀ ਹਮਾਇਤ ਦਰਜ ਕਰਵਾਈ ਜਾ ਰਹੀ ਹੈ। ਇਸੇ ਤਹਿਤ 24 ਜਨਵਰੀ ਨੂੰ ਚੰਡੀਗੜ੍ਹ ਅਤੇ ਪੰਜਾਬ ਭਰ ਦੇ ਲੇਖਕ, ਕਾਲਮਨਵੀਸ, ਪੱਤਰਕਾਰ, ਬੁੱਧੀਜੀਵੀ, ਰੰਗਕਰਮੀ ਅਤੇ ਹੋਰਨਾਂ ਕਲਾਵਾਂ ਨਾਲ ਜੁੜੇ ਕਲਾਕਾਰ ਸੈਕਟਰ-17, ਚੰਡੀਗੜ੍ਹ ਪਲਾਜ਼ਾ ਵਿੱਚ 11 ਵਜੇ ਇਕੱਤਰ ਹੋਣਗੇ। ਉਪਰੰਤ ਸ਼ਾਂਤਮਈ ਰੋਸ ਮਾਰਚ ਕਰਦਿਆਂ ਉਹ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ। ਇਸ ਰੋਸ ਮਾਰਚ ਦੀ ਅਗਵਾਈ ਪ੍ਰਸਿੱਧ ਲੇਖਕ ਅਤਰਜੀਤ, ਪ੍ਰੋ. ਸੁਰਜੀਤ ਲੀਅ, ਕਹਾਣੀਕਾਰ ਕਿਰਪਾਲ ਕਜ਼ਾਕ, ਡਾ. ਪਾਲ ਕੌਰ, ਸ਼ਾਇਰ ਦਰਸ਼ਨ ਬੁੱਟਰ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ ਅਤੇ ਪ੍ਰੋ. ਸੁਰਜੀਤ ਜੱਜ ਕਰਨਗੇ। ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਨੇਤਾ ਡਾ. ਅਲੀ ਜਾਵੇਦ, ਵੀਐੱਨ ਰਾਏ ਅਤੇ ਫ਼ਰਹਤ ਰਿਜ਼ਵੀ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਇਸ ਦੌਰਾਨ ਪ੍ਰਸਿੱਧ ਕਲਾਕਾਰ ਨੀਲੇ ਖਾਂ, ਲੋਕ ਗਾਇਕ ਭੁਪਿੰਦਰ ਬੱਬਲ, ਗਾਇਕ ਯਾਕੂਬ ਅਤੇ ਸੁੱਖੀ ਈਦੂ ਸ਼ਰੀਫ਼ ਸਮੇਤ ਡਾ. ਸਾਹਿਬ ਸਿੰਘ ਅਤੇ ਸੈਮੂਅਲ ਜੌਹਨ ਦੇ ਨਾਟ-ਗਰੁੱਪ ਆਪਣੀਆਂ ਅਦਾਕਾਰੀਆਂ ਪੇਸ਼ ਕਰਨਗੇ। ਇਸ ਰੋਸ ਮਾਰਚ ਵਿੱਚ ਫ਼ੋਕਲੋਰ ਰਿਸਰਚ ਅਕਾਡਮੀ, ਇੰਡੀਅਨ ਪੀਪਲ ਈਏਟਰ ਐਸੋਸੀਏਸ਼ਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੈਂਬਰ ਵੀ ਸ਼ਾਮਲ ਹੋਣਗੇ।
ਐੱਸਏਐੱਸ ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਇਪਟਾ ਦੇ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਸੰਸਥਾ ਦੇ ਕਾਰਕੁਨ ਵੀ 24 ਜਨਵਰੀ ਨੂੰ ਚੰਡੀਗੜ੍ਹ ਦੇ ਸੈਕਟਰ-17 ਦੇ ਪਲਾਜ਼ਾ ’ਚ ਨੀਲਮ ਸਿਨੇਮਾ ਕੋਲ ਇੱਕਠੇ ਹੋ ਕੇ ਗਵਰਨਰ ਹਾਊਸ ਵੱਲ ਜਾਣਗੇ।