ਚਰਨਜੀਤ ਭੁੱਲਰ
ਚੰਡੀਗੜ੍ਹ, 23 ਜੂਨ
ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਇੱਕ ਉਦਘਾਟਨੀ ਪੱਥਰ ’ਤੇ ਨਾਮ ਨਾ ਲਿਖੇ ਜਾਣ ਤੋਂ ਔਖੇ ਹੋ ਗਏ ਹਨ। ਹਾਲਾਂਕਿ ਪੰਜਾਬ ਸਰਕਾਰ ਵੀਆਈਪੀ ਕਲਚਰ ਦੇ ਖ਼ਾਤਮੇ ਅਤੇ ਉਦਘਾਟਨੀ ਪੱਥਰਾਂ ਵਾਲੀ ਸੋਚ ਤੋਂ ਉੱਚਾ ਉੱਠਣ ਦੀ ਗੱਲ ਕਰਦੀ ਹੈ। ਐੱਮਪੀ ਗੁਰਜੀਤ ਸਿੰਘ ਔਜਲਾ ਨੇ ਤਾਂ ਮੁੱਖ ਸਕੱਤਰ ਪੰਜਾਬ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਜਦੋਂ ਅੰਮ੍ਰਿਤਸਰ ਵਿੱਚ ਇਹ ਉਦਘਾਟਨੀ ਪੱਥਰ ਰੱਖਿਆ ਗਿਆ ਸੀ, ਉਦੋਂ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਸਿਖਰ ’ਤੇ ਸੀ।
ਐਮ.ਪੀ ਔਜਲਾ ਨੇ ਪੱਤਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੀ ਕਲਾਸ ਲਾਈ ਹੈ। ਔਜਲਾ ਨੇ ਉਦਘਾਟਨੀ ਪੱਥਰ ਰੱਖਣ ਵਾਲੇ ਦਿਨ ਵੀ ਮੁੱਖ ਸਕੱਤਰ ਪੰਜਾਬ ਨਾਲ ਫੋਨ ’ਤੇ ਗੱਲ ਕੀਤੀ ਸੀ। ਉਸ ਮਗਰੋਂ ਲਿਖਤੀ ਸ਼ਿਕਾਇਤ ਵੀ ਭੇਜੀ ਹੈ। ਮੈਡੀਕਲ ਸਿੱਖਿਆ ਖੋਜ ਵਿਭਾਗ ਬਾਰੇ ਮੰਤਰੀ ਓਪੀ ਸੋਨੀ ਨੇ 4 ਜੂਨ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਆਕਸੀਜਨ ਪਲਾਂਟ ਨੂੰ ਚਾਲੂ ਕਰਨ ਦਾ ਉਦਘਾਟਨ ਕੀਤਾ ਸੀ। ਔਜਲਾ ਨੇ ਇਸ ਸਮਾਗਮ ਮੌਕੇ ਵੀ ਬੁਲਾਇਆ ਨਹੀਂ ਗਿਆ ਸੀ।
ਔਜਲਾ ਨੇ ਲਿਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜ ਅਤੇ ਕੇਂਦਰ ਸਰਕਾਰ ਨਾਲ ਸਬੰਧਿਤ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਉਪਰਾਲੇ ਨਾਲ ਇਹ ਆਕਸੀਜਨ ਪਲਾਂਟ ਅਲਾਟ ਹੋਇਆ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਉਦਘਾਟਨੀ ਸਮਾਗਮਾਂ ਵਿਚ ਬੁਲਾਏ ਜਾਣ ਦੀ ਗੱਲ ਤਾਂ ਦੂਰ, ਉਦਘਾਟਨੀ ਪੱਥਰ ਵਿਚ ਉਨ੍ਹਾਂ ਦਾ ਨਾਮ ਲਿਖਣ ਦੀ ਲੋੜ ਵੀ ਨਹੀਂ ਸਮਝੀ।
ਉਨ੍ਹਾਂ ਮੁੱਖ ਸਕੱਤਰ ਤੋਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੂੰ ਪ੍ਰੋਟੋਕੋਲ ਦੀ ਪਾਲਣਾ ਲਈ ਸਖਤ ਐਡਵਾਈਜ਼ਰੀ ਜਾਰੀ ਕੀਤੀ ਜਾਵੇ। ਚੇਤੇ ਰਹੇ ਕਿ ਪਿਛਲੇ ਦਿਨਾਂ ਤੋਂ ਸ੍ਰੀ ਗੁਰਜੀਤ ਸਿੰਘ ਔਜਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੀਟਿੰਗਾਂ ਵਿਚ ਕਾਫੀ ਸਰਗਰਮ ਹਨ।
ਪ੍ਰਸ਼ਾਸਨ ਨੇ ਦੇਖਣਾ ਸੀ ਪ੍ਰੋਟੋਕੋਲ: ਸੋਨੀ
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਬਾਰੇ ਮੰਤਰੀ ਓਪੀ ਸੋਨੀ ਆਖਦੇ ਹਨ ਕਿ ਪ੍ਰੋਟੋਕੋਲ ਦੀ ਪਾਲਣਾ ਕਰਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਹੈ ਅਤੇ ਉਨ੍ਹਾਂ ਨੂੰ ਉਦਘਾਟਨੀ ਪੱਥਰ ’ਤੇ ਸ੍ਰੀ ਔਜਲਾ ਦਾ ਨਾਮ ਲਿਖੇ ਜਾਣ ’ਤੇ ਕੋਈ ਇਤਰਾਜ਼ ਨਹੀਂ ਹੈ। ਸੋਨੀ ਨੇ ਦੱਸਿਆ ਕਿ ਇਸ ਆਕਸੀਜਨ ਪਲਾਂਟ ’ਤੇ ਦੋ ਕਰੋੜ ਦੀ ਲਾਗਤ ਆਈ ਹੈ।