ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਮਾਰਚ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜੋ ਯੂਕਰੇਨ ਵਿੱਚ ਫਸੇ ਪੰਜਾਬੀ ਬੱਚਿਆਂ ਦੀ ਸੁਰੱਖਿਅਤ ਵਾਪਸੀ ਲਈ ਹਾਲ ਹੀ ਵਿੱਚ ਪੋਲੈਂਡ-ਯੂਕਰੇਨ ਬਾਰਡਰ ’ਤੇ ਕੁਝ ਦਿਨ ਬਿਤਾ ਕੇ ਆਏ ਹਨ, ਨੇ ਅੱਜ ਸੰਸਦ ਇਜਲਾਸ ਦੌਰਾਨ ਦੇਸ਼ ਵਿੱਚ ਵਿਦਿਅਕ ਪ੍ਰਣਾਲੀ ਨੂੰ ਬਿਹਤਰ ਅਤੇ ਸਸਤਾ ਬਣਾਉਣ ਦੀ ਮੰਗ ਰੱਖੀ ਹੈ ਤਾਂ ਜੋ ਵਿਦਿਆ ਲਈ ਨੌਜਵਾਨਾਂ ਨੂੰ ਵਿਦੇਸ਼ਾਂ ’ਚ ਨਾ ਜਾਣਾ ਪਵੇ। ਉਨ੍ਹਾਂ ਰੇਲਵੇ ਬਜਟ ਸੈਸ਼ਨ ਵਿੱਚ ‘ਡਿਮਾਂਡ ਫੋਰ ਗਰਾਂਟ’ ਸਮੇਂ ਰੇਲਵੇ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਨਵ-ਉਸਾਰੀ ਦਾ ਕੰਮ ਸ਼ੁਰੂ ਕਰਨ, ਰੇਲਵੇ ਕੁਆਰਟਰਾਂ ਦੀ ਮੁੜ ਉਸਾਰੀ ਕਰਨ ਅਤੇ ਕੁਝ ਰੇਲ ਗੱਡੀਆਂ ਵਿੱਚ ਬਦਲਾਅ ਤੇ ਨਵੀਆਂ ਚਲਾਉਣ ਦੀ ਮੰਗ ਵੀ ਰੱਖੀ ਹੈ। ਸ੍ਰੀ ਔਜਲਾ ਨੇ ਸੰਸਦ ਵਿੱਚ ਆਪਣੀ ਗੱਲ ਰੱਖਦਿਆਂ ਆਖਿਆ ਕਿ ਉਹ ਪੋਲੈਂਡ-ਯੂਕਰੇਨ ਬਾਰਡਰ ’ਤੇ ਹੋ ਕੇ ਆਏ ਹਨ, ਜਿਥੇ ਉਨ੍ਹਾਂ ਨੇ ਯੂਕਰੇਨ ’ਚ ਫਸੇ ਭਾਰਤੀਆਂ ਨੂੰ ਪ੍ਰੇਸ਼ਾਨੀਆਂ ਝੱਲ ਕੇ ਵਾਪਸ ਆਉਂਦਿਆਂ ਵੇਖਿਆ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਭਾਰਤ ਨਾਲੋਂ ਛੋਟਾ ਮੁਲਕ ਹੈ, ਪਰ ਉਥੇ ਹਜ਼ਾਰਾਂ ਭਾਰਤੀ ਵਿਦਿਆਰਥੀ ਹਰ ਵਰ੍ਹੇ ਪੜ੍ਹਾਈ ਕਰਨ ਜਾਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਵਿੱਚ ਵਿਦਿਅਕ ਮਾਫੀਆ ਚੱਲ ਰਿਹਾ ਹੈ, ਜਿਸ ਕਾਰਨ ਭਾਰਤ ਵਿੱਚ ਵਿਦਿਆ ਬਹੁਤ ਮਹਿੰਗੀ ਹੋ ਚੁੱਕੀ ਹੈ। ਰੇਲਵੇ ਬਜਟ ਸਬੰਧੀ ਸੈਸ਼ਨ ਵਿਚ ਉਨ੍ਹਾਂ ਕਿਹਾ ਕਿ ਰੇਲਵੇ ਮੁਲਾਜ਼ਮਾਂ ਦੀ ਨਵੀਂ ਪੈਨਸ਼ਨ ਸਕੀਮ ਐੱਨਪੀਐੱਸ ਨੂੰ ਬੰਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਨ, ਅੰਮ੍ਰਿਤਸਰ ਵਿੱਚ ਰੇਲਵੇ ਦੇ ਖੰਡਰ ਹੋ ਰਹੇ ਲਗਪਗ ਇਕ ਹਜ਼ਾਰ ਕੁਆਰਟਰਾਂ ਦੀ ਨਵ-ਉਸਾਰੀ ਕਰਵਾਉਣ ਤੇ ਅੰਮ੍ਰਿਤਸਰ ਰੇਲਵੇ ਵਰਕਸ਼ਾਪ ਵਿੱਚ ਵਧੇਰੇ ਕੰਮ ਦੇਣ ਆਦਿ ਮੰਗਾਂ ਰੱਖੀਆਂ ਹਨ।