ਚਰਨਜੀਤ ਭੁੱਲਰ
ਚੰਡੀਗੜ੍ਹ, 14 ਸਤੰਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਜਰਮਨੀ ਦੇ ਦੌਰੇ ਤੋਂ ਵਾਪਸੀ ਤੱਕ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਆਡੀਓ ਕਲਿੱਪ ਲੀਕ ਮਾਮਲੇ ਵਿਚ ਰਾਹਤ ਮਿਲ ਗਈ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕੈਬਨਿਟ ਮੰਤਰੀ ਸਰਾਰੀ ਤੇ ਉਸ ਦੇ ਪੁਰਾਣੇ ਸਾਥੀ ਤਰਸੇਮ ਲਾਲ ਕਪੂਰ ਨੂੰ ਬੁਲਾ ਕੇ ਵੱਖੋ ਵੱਖਰੀ ਮੀਟਿੰਗ ਕੀਤੀ। ‘ਆਪ’ ਦੀ ਲੀਡਰਸ਼ਿਪ ਵੱਲੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਤੇ ਓਐੱਸਡੀ ਤਰਸੇਮ ਲਾਲ ਕਪੂਰ ਨੂੰ ਆਪਸ ਵਿੱਚ ਮੀਟਿੰਗ ਕਰਨ ਦਾ ਮਸ਼ਵਰਾ ਵੀ ਦਿੱਤਾ ਗਿਆ ਸੀ। ਕਾਫ਼ੀ ਲੰਮਾ ਸਮਾਂ ਚੱਲੀ ਮੀਟਿੰਗ ਵਿੱਚ ਗੱਲ ਕਿਸੇ ਤਣ-ਪੱਤਣ ਨਾ ਲੱਗ ਸਕੀ। ਹੁਣ ਵਿਰੋਧੀ ਧਿਰਾਂ ਦਾ ਇਹ ਵੀ ਕਹਿਣਾ ਹੈ ਕਿ ‘ਆਪ’ ਵੱਲੋਂ ਜੋ ‘ਅਪਰੇਸ਼ਨ ਲੋਟਸ’ ਦਾ ਰੌਲਾ ਪਾਇਆ ਜਾ ਰਿਹਾ ਹੈ, ਉਹ ਮਹਿਜ਼ ਆਡੀਓ ਲੀਕ ਮਾਮਲੇ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਹੈ। ਦੱਸਦੇ ਹਨ ਕਿ ਤਰਸੇਮ ਲਾਲ ਕਪੂਰ ਇਸ ਗੱਲੋਂ ਮੰਤਰੀ ਨਾਲ ਖ਼ਫ਼ਾ ਸਨ ਕਿ ਉਸ ਦੇ ਭਤੀਜੇ ਖ਼ਿਲਾਫ਼ ਹੋਈ ਪੁਲੀਸ ਕਾਰਵਾਈ ’ਚ ਮੰਤਰੀ ਨੇ ਕੋਈ ਮਦਦ ਨਹੀਂ ਕੀਤੀ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਰਮਨੀ ਦੇ ਦੌਰੇ ਤੋਂ ਵਾਪਸੀ ਮਗਰੋਂ ਕੈਬਨਿਟ ਮੰਤਰੀ ਸਰਾਰੀ ਖ਼ਿਲਾਫ਼ ਅਗਲਾ ਕਦਮ ਚੁੱਕੇ ਜਾਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ‘ਆਪ’ ਸਰਕਾਰ ਇਸ ਮਾਮਲੇ ਵਿੱਚ ਮੰਤਰੀ ਸਰਾਰੀ ਦੀ ਛੁੱਟੀ ਵੀ ਕਰ ਸਕਦੀ ਹੈ ਕਿਉਂਕਿ ਸੁਆਲ ਸਰਕਾਰ ਦੇ ਅਕਸ ਦਾ ਹੈ। ਸੂਤਰ ਦੱਸਦੇ ਹਨ ਕਿ ਪਹਿਲਾਂ ਇੱਕ-ਦੋ ਦਿਨਾਂ ਵਿੱਚ ਇਸ ਮਾਮਲੇ ’ਤੇ ਫ਼ੈਸਲਾ ਲਿਆ ਜਾਣਾ ਸੀ, ਪਰ ਹੁਣ ਪਾਰਟੀ ਨੇ ਮੁੱਖ ਮੰਤਰੀ ਦੀ ਵਾਪਸੀ ਤੱਕ ਇਹ ਮਾਮਲਾ ਟਾਲ ਦਿੱਤਾ ਹੈ। ‘ਆਪ’ ਨੇ ਆਪਣਾ ਸਾਰਾ ਧਿਆਨ ਹੁਣ ‘ਅਪਰੇਸ਼ਨ ਲੋਟਸ’ ਖ਼ਿਲਾਫ਼ ਪ੍ਰਚਾਰ ’ਤੇ ਕੇਂਦਰਿਤ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੈਬਨਿਟ ਮੰਤਰੀ ਸਰਾਰੀ ਤੇ ਉਸ ਦੇ ਪੁਰਾਣੇ ਸਾਥੀ ਤਰਸੇਮ ਲਾਲ ਕਪੂਰ ਦੀ ਆਪਸੀ ਗੱਲਬਾਤ ਦੀ ਆਡੀਓ ਲੀਕ ਹੋਈ ਸੀ, ਜਿਸ ਵਿੱਚ ਕਥਿਤ ਤੌਰ ’ਤੇ ਕੋਈ ਸੌਦੇਬਾਜ਼ੀ ਕੀਤੇ ਜਾਣ ਦੇ ਸੰਕੇਤ ਮਿਲਦੇ ਹਨ। ਤਰਸੇਮ ਲਾਲ ਕਪੂਰ ਆਖ ਚੁੱਕੇ ਹਨ ਕਿ ਉਸ ਨੇ ਇਹ ਆਡੀਓ ਮੁੱਖ ਮੰਤਰੀ ਵੱਲੋਂ ਜਾਰੀ ਕੀਤੀ ਭ੍ਰਿਸ਼ਟਾਚਾਰ ਵਿਰੋਧੀ ਹੈਲਪ ਲਾਈਨ ’ਤੇ ਵੀ ਭੇਜੀ ਸੀ।