ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਮਈ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਾਜਪਾ ਯੂਥ ਆਗੂ ਤੇਜਿੰਦਰ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਦੌਰਾਨ ਵਾਪਰੀਆਂ ਘਟਨਾਵਾਂ ਨਾਲ ਦੋ ਗੁਆਂਢੀ ਰਾਜਾਂ ਪੰਜਾਬ ਤੇ ਹਰਿਆਣਾ ਦਰਮਿਆਨ ਖਾਨਾਜੰਗੀ ਵਾਲੇ ਹਾਲਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਪੰਜਾਬ ਪੁਲੀਸ ਨੂੰ ਸਿਆਸੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਪੁਲੀਸ ਦੀ ਕਾਰਵਾਈ ਗ਼ੈਰ-ਸੰਵਿਧਾਨਕ ਤੇ ਗ਼ੈਰ-ਰਵਾਇਤੀ ਸੀ ਤੇ ਇਸ ਨਾਲ ਪੰਜਾਬ ਦੀ ਹੇਠੀ ਤੇ ਪੰਜਾਬ ਪੁਲੀਸ ਦੀ ਤੌਹੀਨ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੂੰ ਸਿਆਸੀ ਬਦਲਾਖੋਰੀਆਂ ਲਈ ਮੋਹਰਾ ਨਾ ਬਣਾਇਆ ਜਾਵੇ ਇਸ ਨਾਲ ਉਸ ਦਾ ਮਨੋਬਲ ਟੁੱਟਦਾ ਹੈ।