ਅਜੈ ਮਲਹੋਤਰਾ
ਬਸੀ ਪਠਾਣਾਂ, 22 ਅਕਤੂਬਰ
ਪਿੰਡ ਕਲੌੜ ਵਿੱਚ ਕਬਜ਼ਾ ਕਰਨ ਦੀ ਨੀਅਤ ਨਾਲ ਜ਼ਮੀਨ ਵਾਹੁਣ ਦੇ ਦੋਸ਼ਾਂ ਤਹਿਤ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੈ।
ਮਲਾਗਰ ਸਿੰਘ ਵਾਸੀ ਪਿੰਡ ਸ਼ਮਸ਼ਪੁਰ ਸਿੰਘਾਂ ਵੱਲੋਂ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਉਸ ਦੀ ਭੈਣ ਭੁਪਿੰਦਰ ਕੌਰ ਵਾਸੀ ਪਿੰਡ ਕਲੌੜ ਬਲਦੇਵ ਸਿੰਘ ਨਾਲ ਵਿਆਹੀ ਹੋਈ ਸੀ। ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ ਅਤੇ ਉਸ ਦੀ ਭੈਣ ਤੇ ਜੀਜਾ ਬੀਤੇ ਕਈ ਸਾਲਾਂ ਤੋਂ ਉਨ੍ਹਾਂ ਕੋਲ ਪਿੰਡ ਸ਼ਮਸ਼ਪੁਰ ਵਿੱਚ ਹੀ ਰਹਿੰਦੇ ਸਨ। ਉਸ ਦੀ ਭੈਣ ਦੀ ਮੌਤ 2019 ਵਿਚ ਹੋ ਗਈ ਸੀ ਜਦਕਿ ਜੀਜਾ ਬਲਦੇਵ ਸਿੰਘ ਦੀ ਮੌਤ ਲੰਘੀ 10 ਅਕਤੂਬਰ ਨੂੰ ਹੋਈ ਸੀ। ਉਨ੍ਹਾਂ ਵੱਲੋਂ 20 ਅਕਤੂਬਰ ਨੂੰ ਹੀ ਬਲਦੇਵ ਸਿੰਘ ਦਾ ਭੋਗ ਪਾਇਆ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਜੀਜਾ ਬਲਦੇਵ ਸਿੰਘ ਨੇ ਆਪਣੀ ਸਾਰੀ ਜਾਇਦਾਦ ਦੀ ਵਸੀਅਤ ਸ਼ਿਕਾਇਤਕਰਤਾ ਅਤੇ ਉਸ ਦੇ ਭਰਾਵਾਂ ਦੇ ਨਾਮ ’ਤੇ ਕਰਵਾਈ ਹੋਈ ਸੀ। ਹੁਣ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਪਿੰਡ ਕਲੌੜ ਵਿਚ ਸਥਿਤ ਮ੍ਰਿਤਕ ਬਲਦੇਵ ਸਿੰਘ ਦੀ ਮਲਕੀਅਤ ਵਾਲੀ ਜ਼ਮੀਨ ਗੁਰਮੀਤ ਸਿੰਘ, ਚਰਨਜੀਤ ਸਿੰਘ, ਰਣਵੀਰ ਸਿੰਘ, ਜਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀਆਨ ਪਿੰਡ ਕਲੌੜ ਨੇ ਕਬਜ਼ਾ ਕਰਨ ਦੀ ਨੀਅਤ ਨਾਲ ਟਰੈਕਟਰਾਂ ਨਾਲ ਵਾਹ ਲਈ ਹੈ। ਇਸ ਗੱਲ ਦਾ ਪਤਾ ਲੱਗਦੇ ਹੀ ਉਸ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ, ਜਿਸ ’ਤੇ ਕਾਰਵਾਈ ਕਰਦਿਆਂ ਥਾਣਾ ਬਸੀ ਪਠਾਣਾਂ ਦੀ ਪੁਲੀਸ ਵੱਲੋਂ ਉਕਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।