ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਮਈ
ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਐਸਡੀਐਮ ਭਵਾਨੀਗੜ੍ਹ ਦੇ ਦਫਤਰ ਅੱਗੇ ਕਾਲਾਝਾੜ ਟੌਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਲਗਾਏ ਧਰਨੇ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮੰਗਾਂ ਨਾ ਪੂਰੀਆਂ ਹੋਣ ਤੋਂ ਪ੍ਰੇਸ਼ਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਪ੍ਰੈਸ ਤੇ ਪੁਲੀਸ ਦੇ ਸਾਹਮਣੇ ਹੀ ਆਤਮਦਾਹ ਕਰਨ ਲਈ ਆਪਣੇ ਉੱਤੇ ਪੈਟਰੋਲ ਛਿੜਕ ਲਿਆ ਪਰ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਅਤੇ ਪੁਲੀਸ ਮੁਲਾਜ਼ਮਾਂ ਨੇ ਲਾਡੀ ਉੱਤੇ ਪਾਣੀ ਪਾ ਕੇ ਉਸ ਨੂੰ ਅੱਗ ਲਗਾਉਣ ਤੋਂ ਰੋਕ ਲਿਆ।
ਪੈਟਰੋਲ ਛਿੜਕਣ ਵਾਲੀ ਘਟਨਾ ਤੋਂ ਬਾਅਦ ਡਾ. ਕਰਮਜੀਤ ਸਿੰਘ ਐਸਡੀਐਮ ਭਵਾਨੀਗੜ੍ਹ, ਸੁਖਰਾਜ ਸਿੰਘ ਘੁੰਮਣ ਡੀਐਸਪੀ ਭਵਾਨੀਗੜ੍ਹ ਅਤੇ ਤਹਿਸੀਲਦਾਰ ਅਹੂਜਾ ਨਾਲ ਵਰਕਰਾਂ ਦੀ ਗੱਲਬਾਤ ਹੋਈ ਅਤੇ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਇਕ ਹਫਤੇ ਤੱਕ ਮਸਲਾ ਹੱਲ ਕਰਨ ਦਾ ਅਲਟੀਮੇਟਮ ਦਿੱਤਾ ਗਿਆ ।