ਮਨੋਜ ਸ਼ਰਮਾ
ਬਠਿੰਡਾ, 19 ਅਪਰੈਲ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਿਜਲੀ ਮੁਆਫੀ ਦੇ ਮੁੱਦੇ ’ਤੇ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਭਖਦੇ ਮਸਲੇ ਵਿਚਾਰਨ ਲਈ ਉਨ੍ਹਾਂ ਰਾਜਪਾਲ ਤੋਂ ਸਮਾਂ ਮੰਗਿਆ ਹੈ। 21 ਅਪਰੈਲ ਨੂੰ ਉਹ ਤਿੰਨ ਮੈਂਬਰੀ ਵਫ਼ਦ ਨਾਲ ਰਾਜਪਾਲ ਨੂੰ ਮਿਲਣ ਜਾਣਗੇ।
ਉਨ੍ਹਾਂ ਨਾਲ ਬਠਿੰਡਾ ਦਿਹਾਤੀ ਤੋਂ ਕਾਂਗਰਸ ਦੇ ਉਮੀਦਵਾਰ ਰਹੇ ਹਰਵਿੰਦਰ ਲਾਡੀ ਤੋਂ ਇਲਾਵਾ ਬਾਹਰੀ ਹਲਕਿਆਂ ਤੋਂ ਵਿਧਾਇਕ ਅਤੇ ਸਾਬਕਾ ਵਿਧਾਇਕ ਵੀ ਮੌਜੂਦ ਰਹੇ ਪਰ ਬਠਿੰਡਾ ਦੀ ਲੋਕਲ ਲੀਡਰਸ਼ਿਪ ਗਾਇਬ ਸੀ। ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਜਾਨ ਪਾਉਣ ਆਏ ਹਨ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਜੇ ‘ਪ੍ਰਧਾਨ ਜੀ’ ਅਗਵਾਈ ਕਰਨਾ ਚਾਹੁੰਦੇ ਹਨ ਤਾਂ ਅੱਗੇ ਆਉਣ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਵਿਰੋਧੀ ਧਿਰ ਵਜੋਂ ਤਕੜੀ ਟੱਕਰ ਦੇਣਗੇ। ਉਨ੍ਹਾਂ ਕਾਂਗਰਸ ਵਿੱਚ ਕਿਸੇ ਵੀ ਵਖਰੇਵੇਂ ਤੋਂ ਇਨਕਾਰ ਕੀਤਾ।
ਉਨ੍ਹਾਂ ਕਿਹਾ ਕਿ ਬਿਜਲੀ ਮੁੱਦੇ ’ਤੇ ਪੰਜਾਬ ਨੂੰ ਸ਼੍ਰੇਣੀਆਂ ਵਿੱਚ ਵੰਡਣਾ ਜਾਇਜ਼ ਨਹੀਂ। ਉਨ੍ਹਾਂ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਪਹਿਲਾਂ ਹੀ ਕਰਜ਼ਈ ਹੈ ਅਤੇ ਪੀਐੱਸਪੀਸੀਐੱਲ ਦੀ ਹਾਲਤ ਵੀ ਬਹੁਤ ਮਾੜੀ ਹੈ, ਫਿਰ ਉਨ੍ਹਾਂ ਮੁਫ਼ਤ ਬਿਜਲੀ ਲਈ 6 ਹਜ਼ਾਰ ਕਰੋੜ ਦਾ ਪ੍ਰਬੰਧ ਕਿੱਥੋਂ ਕੀਤਾ ਹੈ।
ਉਨ੍ਹਾਂ ‘ਆਪ’ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਖੂਨ-ਪਸੀਨੇ ਦਾ ਪੈਸਾ ਬਾਹਰਲੇ ਸੂਬਿਆਂ ਦੀਆਂ ਅਖਬਾਰਾਂ ਨੂੰ ਇਸ਼ਤਿਹਾਰਾਂ ਦੇ ਰੂਪ ਵਿੱਚ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੀ ਪਿੱਠ ’ਤੇ ਪੈਰ ਰੱਖ ਕੇ ਹਿਮਾਚਲ ਅਤੇ ਗੁਜਰਾਤ ਚੋਣਾਂ ਜਿੱਤਣਾ ਚਾਹੁੰਦੇ ਹਨ।