ਖੇਤਰੀ ਪ੍ਰਤੀਨਿਧ
ਪਟਿਆਲਾ, 5 ਨਵੰਬਰ
ਨੌਕਰੀ ਦੌਰਾਨ ਫ਼ੌਤ ਹੋਏ ਮੁਲਾਜ਼ਮਾਂ ਦੇ ਵਾਰਿਸਾਂ, ਜਿਹੜੇ ਨੌਕਰੀਆਂ ਦੀ ਮੰਗ ਨੂੰ ਲੈ ਕੇ ਪੌਣੇ ਦੋ ਮਹੀਨੇ ਤੋਂ ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਵਿੱਚ ਪੱਕਾ ਮੋਰਚਾ ਲਾਈ ਬੈਠੇ ਹਨ, ਵਿੱਚੋਂ ਇੱਕ ਨੇ ਅੱਜ ਆਤਮਦਾਹ ਦੇ ਮਨੋਰਥ ਨਾਲ ਡੀਜ਼ਲ ਛਿੜਕ ਕੇ ਖ਼ੁਦ ਨੂੰ ਅੱਗ ਲਗਾ ਲਈ ਪਰ ਸਾਥੀਆਂ ਨੇ ਫੁਰਤੀ ਨਾਲ ਅੱਗ ਬੁਝਾਉਂਦਿਆਂ ਉਸ ਨੂੰ ਬਚਾਅ ਲਿਆ।
ਆਤਮਦਾਹ ਦੀ ਕੋਸ਼ਿਸ਼ ਕਰਨ ਵਾਲਾ ਪਵਨ ਕੁਮਾਰ ਭਦੌੜ ਦਾ ਵਸਨੀਕ ਹੈ, ਜੋ 17 ਸਤੰਬਰ ਤੋਂ ਦਸ ਹੋਰਨਾਂ ਸਮੇਤ ਪਾਵਰਕੌਮ ਦੇ ਦਫ਼ਤਰ ਦੀ ਛੱਤ ’ਤੇ ਪੱਕਾ ਮੋਰਚਾ ਲਾ ਕੇ ਬੈਠਾ ਹੈ। ਉਹ ਪਹਿਲੇ ਹੀ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਬੋਤਲਾਂ ਨਾਲ ਲੈ ਕੇ ਗਏ ਸਨ। ਦੀਵਾਲੀ ਵਾਲੀ ਸ਼ਾਮ ਨੂੰ ਪਵਨ ਨੇ ਅਚਾਨਕ ਹੀ ਖ਼ੁਦ ’ਤੇ ਡੀਜ਼ਲ ਛਿੜਕ ਕੇ ਅੱਗ ਲਗਾ ਲਈ ਪਰ ਉਸ ਦੇ ਨਾਲ ਹੀ ਸਾਥੀਆਂ ਨੇ ਉਸ ਨੂੰ ਝੱਟ ਹੀ ਕੰਬਲਾਂ ਅਤੇ ਹੋਰ ਮੋਟੇ ਕੱਪੜਿਆਂ ਨਾਲ ਲਪੇਟ ਅੱਗ ਬੁਝਾਉਂਦਿਆਂ ਉਸ ਨੂੰ ਬਚਾ ਲਿਆ।
ਘਟਨਾ ਦੀ ਇਤਲਾਹ ਮਿਲਣ ’ਤੇ ਐਂਬੂਲੈਂਸ ਵੀ ਪੁੱਜ ਗਈ ਸੀ ਪਰ ਪਵਨ ਕੁਮਾਰ ਹੇਠਾਂ ਆਉਣ ਨੂੰ ਤਿਆਰ ਨਾ ਹੋਇਆ। ਪੁਲੀਸ ਫੋਰਸ ਅਤੇ ਪਾਵਰਕੌਮ ਮੈਨੇਜਮੈਂਟ ਵੀ ਮੌਕੇ ਪੁੱਜ ਗਈ। ਭਾਵੇਂ ਕਿ ਸ਼ੁਰੂ ’ਚ ਹੇਠਾਂ ਧਰਨਾ ਲਾਈ ਬੈਠੇ ਆਸ਼ਰਿਤਾਂ ਨੇ ਪੁਲੀਸ ਨੂੰ ਛੱਤ ’ਤੇ ਨਾ ਚੜ੍ਹਨ ਦਿੱਤਾ ਪਰ ਐੱਸਪੀ (ਸਿਟੀ) ਹਰਪਾਲ ਸਿੰਘ ਨੇ ਉਨ੍ਹਾਂ ਨੂੰ ਮਨਾ ਲਿਆ। ਸਹਿਮਤੀ ਬਣਨ ਮਗਰੋਂ ਪੁਲੀਸ ਨੇ ਛੱਤ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਭਾਵੇਂ ਪਵਨ ਕੁਮਾਰ ਖ਼ੁਦ ਵੀ ਹੇਠਾਂ ਆਉਣ ਤੋਂ ਇਨਕਾਰੀ ਸੀ, ਪਰ ਉਂਜ ਵੀ ਹਾਲਤ ਦਰੁਸਤ ਹੋਣ ਕਾਰਨ ਉਸ ਨੂੰ ਹਸਪਤਾਲ ਲਿਜਾਣ ਦੀ ਲੋੜ ਵੀ ਨਹੀਂ ਸੀ, ਜਿਸ ਕਰਕੇ ਪੁਲੀਸ ਪਰਤ ਆਈ।
ਮੈਨੇਜਮੈਂਟ ਤੋਂ ਮਿਲੀ ਜਾਣਕਾਰੀ ਦੇ ਹਵਾਲੇ ਨਾਲ ਐੱਸਪੀ ਹਰਪਾਲ ਸਿੰਘ ਨੇ ਇਨ੍ਹਾਂ ਆਸ਼ਰਿਤਾਂ ਨੂੰ ਦੱਸਿਆ ਕਿ ਵਿਚਾਰ ਚਰਚਾ ਲਈ ਉਨ੍ਹਾਂ ਦੇ ਵਫ਼ਦ ਦੀ 12 ਨਵੰਬਰ ਲਈ ਸਰਕਾਰ ਨਾਲ ਮੀਟਿੰਗ ਤੈਅ ਹੈ, ਜਿਸ ਮਗਰੋਂ ਮਾਮਲਾ ਸ਼ਾਂਤ ਹੋ ਗਿਆ। ਦੂਜੇ ਪਾਸੇ ਮ੍ਰਿਤਕ ਮੁਲਾਜ਼ਮ ਆਸ਼ਰਿਤ ਸੰਘਰਸ਼ ਕਮੇਟੀ ਦੇ ਸੂਬਾਈ ਪ੍ਰਧਾਨ ਚਰਨਜੀਤ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਨੌਕਰੀਆਂ ਦੀ ਮੰਗ ਪੂਰੀ ਹੋਣ ਤੱਕ ਉਹ ਮੋਰਚੇ ’ਤੇ ਡਟੇ ਰਹਿਣਗੇ।