ਦਿਲਬਾਗ ਸਿੰਘ ਗਿੱਲ
ਅਟਾਰੀ, 20 ਜਨਵਰੀ
ਭਾਰਤ-ਪਾਕਿਸਤਾਨ ਸਰਹੱਦ ’ਤੇ ਅੰਮ੍ਰਿਤਸਰ ਸੈਕਟਰ ’ਚ ਤਾਇਨਾਤ ਬੀਐੱਸਐੱਫ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨੀ ਤੋਂ ਤਸਕਰੀ ਨਾਕਾਮ ਕਰਕੇ ਸਰਹੱਦ ਤੋਂ 7 ਪੈਕਟ (7.250 ਕਿਲੋਗ੍ਰਾਮ) ਹੈਰੋਇਨ ਬਰਾਮਦ ਕੀਤੀ। ਸਰਹੱਦ ਤੋਂ ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਸਵਾ ਪੈਂਤੀ ਕਰੋੜ ਰੁਪਏ ਹੈ। ਸਰਹੱਦੀ ਚੌਕੀ ਮੁਹਾਵਾ ਵਿਖੇ ਤਾਇਨਾਤ ਜਵਾਨਾਂ ਨੇ 19/20 ਜਨਵਰੀ ਦੀ ਰਾਤ ਨੂੰ ਗੇਟ ਪਿੱਲਰ 105/9 ਨੇੜੇ ਡਰੋਨ ਦੀ ਆਵਾਜ਼ ਸੁਣੀ ਤਾਂ ਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਪਰ ਹਨੇਰੇ ਵਿੱਚ ਡਰੋਨ ਵਾਪਸ ਪਾਕਿਸਤਾਨ ਵੱਲ ਪਰਤਣ ’ਚ ਸਫ਼ਲ ਹੋ ਗਿਆ। ਸਵੇਰ ਹੁੰਦੇ ਸਾਰ ਹੀ ਸੀਮਾ ਸੁਰੱਖਿਆ ਬਲ ਵੱਲੋਂ ਉਸ ਖੇਤਰ ਦੀ ਘੇਰਾਬੰਦੀ ਕਰਕੇ ਤਲਾਸ਼ੀ ਲਈ ਗਈ ਤਾਂ ਮੁਹਾਵਾ ਖੇਤਰ ਨੇੜਿਓਂ 7 ਪੈਕਟ (7.250 ਕਿਲੋਗ੍ਰਾਮ) ਹੈਰੋਇਨ ਬਰਾਮਦ ਹੋਈ।
ਇਸੇ ਤਰ੍ਹਾਂ ਹੀ ਸਰਹੱਦੀ ਚੌਕੀ ਰਤਨ ਖੁਰਦ ਨੇੜੇ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਪਾਸੇ ਵੱਲ ਡਰੋਨ ਦੀ ਆਵਾਜ਼ ਸੁਣੀ ,ਜਿਸ ’ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ 15 ਗੋਲੀਆਂ ਚਲਾਈਆਂ ਗਈਆਂ। ਜਵਾਨਾਂ ਵੱਲੋਂ ਗੋਲੀਆਂ ਚਲਾਉਣ ’ਤੇ ਡਰੋਨ ਪਾਕਿਸਤਾਨ ਵਾਲੇ ਪਾਸੇ ਪਰਤ ਗਿਆ।