ਦਿਲਬਾਗ ਸਿੰਘ ਗਿੱਲ
ਅਟਾਰੀ, 8 ਜੂਨ
ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਅੰਮ੍ਰਿਤਸਰ ਸੈਕਟਰ ਅਧੀਨ ਆਉਂਦੀ ਸਰਹੱਦੀ ਚੌਕੀ ਭਰੋਭਾਲ ਨੇੜਿਓਂ 2 ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ। ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਵੱਲੋਂ ਅੱਜ ਸਵੇਰੇ ਕੰਡਿਆਲੀ ਤਾਰ ਤੋਂ ਪਾਰ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਸਰਹੱਦੀ ਚੌਕੀ ਭਰੋਭਾਲ ਨੇੜਿਓਂ ਦੋ ਸ਼ੱਕੀ ਪਦਾਰਥਾਂ ਦੇ ਪੈਕਟ ਮਿਲੇ, ਜਾਂਚ ਕਰਨ ਉਪਰੰਤ ਹੈਰੋਇਨ ਬਰਾਮਦ ਹੋਈ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ। ਦੂਜੇ ਪਾਸੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਰਹੱਦੀ ਚੌਂਕੀ ਦਾਉਕੇ ਨੇੜੇ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਖੇਤਰ ਵਿੱਚ ਡਰੋਨ ਦੇ ਦਾਖ਼ਲ ਹੋਣ ਦੀ ਆਵਾਜ਼ ਸੁਣੀ ਪਰ ਡਰੋਨ ਮੁੜ ਪਾਕਿਸਤਾਨ ਵਾਲੇ ਪਾਸੇ ਪਰਤ ਗਿਆ। ਇਸੇ ਤਰ੍ਹਾਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਂਕੀ ਬੁਰਜ ਨੇੜਿਓਂ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵਿੱਚ ਦਾਖ਼ਲ ਹੋਈ ਸ਼ੱਕੀ ਉੱਡਣ ਵਾਲੀ ਵਸਤੂ (ਡਰੋਨ) ਦੀ ਆਵਾਜ਼ ਸੁਣੀ। ਸਰਹੱਦ ’ਤੇ ਤਾਇਨਾਤ ਜਵਾਨਾਂ ਵੱਲੋਂ ਦੂਜੀ ਵਾਰ ਡਰੋਨ ਦੇ ਪਾਕਿਸਤਾਨ ਵੱਲ ਮੁੜਨ ਦੀ ਆਵਾਜ਼ ਸੁਣੀ ਤਾਂ ਜਵਾਨਾਂ ਨੇ ਡਰੋਨ ’ਤੇ ਫਾਇਰ ਕੀਤੇ ਗਏ।