ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਪਰੈਲ
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ. ਏ ਕੇ ਮਲੇਰੀ, ਜਨਰਲ ਸਕੱਤਰ ਪ੍ਰੋ. ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਦਿੱਲੀ ਅਤੇ ਹੋਰਨਾਂ ਸੂਬਿਆਂ ਵਿੱਚ ਘੱਟ ਗਿਣਤੀਆਂ ਵਿਰੁੱਧ ਨਫ਼ਰਤ ਭੜਕਾਉਣ ਅਤੇ ਫਿਰਕੂ ਹਮਲੇ ਕਰਨ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਆਪਮੁਹਾਰੇ ਨਹੀਂ ਵਾਪਰੀਆਂ ਬਲਕਿ ਗਿਣੀ-ਮਿੱਥੀ ਸਾਜ਼ਿਸ਼ ਅਧੀਨ ਕੀਤੀਆਂ ਗਈਆਂ ਹਨ। ਇਸ ਦਾ ਮਨੋਰਥ ਮੁਸਲਿਮ ਫਿਰਕੇ ਨੂੰ ਦਹਿਸ਼ਤਜ਼ਦਾ ਕਰਨਾ ਤੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕਰੌਲੀ (ਰਾਜਸਥਾਨ), ਖਰਗੋਨ (ਮੱਧ ਪ੍ਰਦੇਸ਼), ਖੰਭਾਤ (ਗੁਜਰਾਤ), ਜਹਾਂਗੀਰਪੁਰੀ (ਦਿੱਲੀ) ਅਤੇ ਹੋਰ ਰਾਜਾਂ ਵਿਚ ਹਿੰਸਾ ਭੜਕਾਈ ਗਈ ਅਤੇ ਹਿੰਸਾ ਦੇ ਕੇਸ ਵੀ ਮੁੱਖ ਤੌਰ ’ਤੇ ਮੁਸਲਮਾਨਾਂ ਵਿਰੁੱਧ ਹੀ ਦਰਜ ਕੀਤੇ ਗਏ।