ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 18 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅੱਜ ਜ਼ਿਲ੍ਹਾ ਮੀਟਿੰਗ ਗੁਰਦੁਆਰਾ ਮੋਰਚਾ ਸਾਹਿਬ ਹਰਸ਼ਾ ਛੀਨਾ ਵਿਖੇ ਹੋਈ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਸੂਬਾ ਪ੍ਰਧਾਨ ਜੋਗਿੰਦਰ ਉਗਰਾਹਾਂ ਅਤੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਪਹੁੰਚੇ।
ਇਸ ਦੌਰਾਨ ਚਲੰਤ ਮਸਲਿਆਂ ’ਤੇ ਜਥੇਬੰਦੀ ਨੂੰ ਲਾਮਬੰਦ ਕਰਨ ਬਾਰੇ ਵਿਚਾਰ-ਚਰਚਾ ਕੀਤੀ ਗਈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨੀ ਅੱਜ ਵੱਡੇ ਸੰਕਟ ’ਚੋਂ ਲੰਘ ਰਹੀ ਹੈ, ਇਸ ਵਾਰ ਕਣਕ ਦਾ ਝਾੜ ਘੱਟ ਨਿਕਲਣ ਕਰਕੇ ਕਿਸਾਨਾਂ ’ਤੇ ਦੋਹਰੀ ਮਾਰ ਪਈ ਹੈ, ਕਿਸਾਨੀ ਕਰਜ਼ੇ ਵੱਲ ਹੋਰ ਧੱਕੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਪਰ ਅਜੇ ਵੀ ਆਰਥਿਕ ਨੀਤੀਆਂ ਰਾਹੀਂ ਕਿਸਾਨੀ ’ਤੇ ਹਮਲੇ ਜਾਰੀ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਝੋਨੇ ਦਾ ਬਦਲ ਦੇਣ ’ਚ ਹੁਣ ਤੱਕ ਫੇਲ੍ਹ ਸਾਬਤ ਹੋਈਆਂ ਹਨ ਅਤੇ 23 ਫ਼ਸਲਾਂ ’ਤੇ ਐੱਮਐੱਸਪੀ ਗਾਰੰਟੀ ਕਾਗਜ਼ਾਂ ਤੱਕ ਹੀ ਸੀਮਤ ਹੈ। ਅੱਜ ਭਾਵੇਂ ਸੂਬਾ ਸਰਕਾਰ ਐਲਾਨ ਕਰ ਰਹੀ ਹੈ ਕਿ ਮੂੰਗੀ ’ਤੇ ਐੱਮਐੱਸਪੀ ਦਿੱਤੀ ਜਾਵੇਗੀ ਪਰ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ, ਇਸ ਕਰਕੇ ਕਿਸਾਨ ਸਰਕਾਰਾਂ ’ਤੇ ਵਿਸ਼ਵਾਸ ਨਹੀਂ ਕਰ ਰਹੇ।
ਉਨ੍ਹਾਂ ਕਿਹਾ ਕਿ ਸਾਨੂੰ ਡੂੰਘੇ ਹੁੰਦੇ ਪਾਣੀ ਦਾ ਸਰਕਾਰ ਨਾਲੋਂ ਜ਼ਿਆਦਾ ਫਿਕਰ ਹੈ ਪਰ ਹੋਰ ਕੋਈ ਰਾਹ ਨਜ਼ਰ ਨਹੀਂ ਆਉਂਦਾ। ਇਸ ਦੌਰਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਇਨ੍ਹਾਂ ਨੀਤੀਆਂ ਖ਼ਿਲਾਫ਼ ਲੜਨ ਲਈ ਹਰ ਵਰਗ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ ਮਜ਼ਦੂਰਾਂ ਤੇ ਔਰਤਾਂ ਨੂੰ ਵੀ ਜਥੇਬੰਦ ਕਰਨਾ ਪੈਣਾ ਹੈ ਤਾਂ ਹੀ ਸੰਘਰਸ਼ ਜਿੱਤੇ ਜਾ ਸਕਣਗੇ।
ਇਸ ਦੌਰਾਨ ਬਲਾਕ ਪ੍ਰਧਾਨ ਅਜਨਾਲਾ ਕਸ਼ਮੀਰ ਸਿੰਘ ਧੰਗਈ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਅੰਮ੍ਰਿਤਸਰ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਰੂਪ ਸਿੰਘ ਛੰਨਾ, ਡਾ. ਕੁਲਦੀਪ ਸਿੰਘ, ਹਰਚਰਨ ਸਿੰਘ, ਰਛਪਾਲ ਸਿੰਘ, ਕਰਮਜੀਤ ਸਿੰਘ ਨੰਗਲੀ, ਡਾ. ਬਚਿੱਤਰ ਸਿੰਘ, ਡਾ. ਪਰਮਿੰਦਰ ਸਿੰਘ ਪੰਡੋਰੀ, ਜਸਪਾਲ ਧੰਗਈ, ਪਲਵਿੰਦਰ ਮਾਹਲ, ਬਾਬਾ ਰਾਜਨ ਸਿੰਘ, ਹਰਪਾਲ ਸਿੰਘ, ਪਰਗਟ ਸਿੰਘ, ਗੁਰਬਚਨ ਸਿੰਘ, ਲਾਡੀ ਥੋਬਾ, ਬਘੇਲ ਸਿੰਘ, ਪਲਵਿੰਦਰ ਕੌਰ ਗੋਸਲ, ਪ੍ਰਧਾਨ ਅਨਮੋਲਕ ਸਿੰਘ ਕੰਦੋਵਾਲੀ ਆਦਿ ਹਾਜ਼ਰ ਸਨ।