ਸਰਬਜੀਤ ਭੰਗੂ
ਪਟਿਆਲਾ, 21 ਅਗਸਤ
ਹਲਕਾ ਸਨੌਰ ਅਤੇ ਥਾਣਾ ਸਦਰ ਪਟਿਆਲਾ ਅਧੀਨ ਪੈਂਦੇ ਪਿੰਡ ਨੈਣਕਲਾਂ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਨੈਣਕਲਾਂ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਮਗਰੋਂ ਘਰ ਪਰਤ ਰਹੇ ਮਰਦਾਨ ਸਿੰਘ ਨਾਂ ਦੇ ਇੱਕ ਕਬੱਡੀ ਖਿਡਾਰੀ ’ਤੇ ਕਿਸੇ ਅਣਪਛਾਤੇ ਨੇ ਹਮਲਾ ਕਰ ਦਿੱਤਾ। ਪਿੰਡ ਦੇਧਣਾ ਨਾਲ ਸਬੰਧਤ ਕਬੱਡੀ ਖਿਡਾਰੀ ਨੂੰ ਜ਼ਖ਼ਮੀ ਹਾਲਤ ਵਿੱਚ ਪਟਿਆਲਾ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਟੂਰਨਾਮੈਂਟ ਖਤਮ ਹੋਣ ਮਗਰੋਂ ਜਦੋਂ ਕਬੱਡੀ ਖਿਡਾਰੀ ਆਪਣੇ ਸਾਥੀਆਂ ਦੇ ਨਾਲ ਗਰਾਊਂਡ ਵਿੱਚੋਂ ਬਾਹਰ ਆ ਰਿਹਾ ਸੀ ਤਾਂ ਕਿਸੇ ਨੇ ਨੁਕੀਲੀ ਚੀਜ਼ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਕੁਝ ਸਮੇਂ ਬਾਅਦ ਖ਼ੂਨ ਨਿਕਲਣ ਮਗਰੋਂ ਉਸ ਨੂੰ ਹਮਲੇ ਬਾਰੇ ਪਤਾ ਲੱਗਿਆ। ਖਿਡਾਰੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਥਾਣਾ ਸਦਰ ਪਟਿਆਲਾ ਦੀ ਪੁਲੀਸ ਟੀਮ ਨੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਡੀਐੱਸਪੀ ਰੂਰਲ ਗੁਰਦੇਵ ਸਿੰਘ ਧਾਲੀਵਾਲ ਨੇ ਪੁਲੀਸ ਟੀਮ ਦੀ ਖਿਡਾਰੀ ਨਾਲ ਹੋਈ ਗੱਲਬਾਤ ਦੇ ਹਵਾਲੇ ਨਾਲ ਦੱਸਿਆ ਕਿ ਮਰਦਾਨ ਸਿੰਘ ਜ਼ਖ਼ਮੀ ਜ਼ਰੂਰ ਹੋਇਆ ਹੈ ਪਰ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਉਸ ਦੇ ਚਾਕੂ ਨਹੀਂ, ਬਲਕਿ ਕੋਈ ਹੋਰ ਨੁਕੀਲੀ ਚੀਜ਼ ਵੱਜੀ ਹੈ, ਜਿਸ ਬਾਰੇ ਉਸ ਨੂੰ ਵੀ ਬਾਅਦ ਵਿੱਚ ਖ਼ੂਨ ਨਿਕਲਣ ’ਤੇ ਪਤਾ ਲੱਗਿਆ।
ਹਾਲਾਂਕਿ ਮਰਦਾਨ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਰੰਜ਼ਿਸ਼ ਨਹੀਂ ਹੈ। ਡੀਐੱਸਪੀ ਗੁਰਦੇਵ ਧਾਲੀਵਾਲ ਨੇ ਕਿਹਾ ਕਿ ਮਾਮਲੇ ਸਬੰਧੀ ਕੇਸ ਦਰਜ ਕਰਕੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਹਮਲੇ ਦੀ ਵਜ੍ਹਾ ਪਤਾ ਲਗਾਈ ਜਾ ਸਕੇ।