ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 20 ਸਤੰਬਰ
ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਦੇ ਡਿਪਟੀ ਰਜਿਸਟਰਾਰ ’ਤੇ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਭੱਜ ਕੇ ਜਾਨ ਬਚਾਈ। ਪੀੜਤ ਰੂਪ ਸਿੰਘ ਨੇ ਦੱਸਿਆ ਕਿ ਉਹ ਯੂਨੀਵਰਸਿਟੀ ਤੋਂ ਪਰਤ ਰਹੇ ਸਨ। ਜਦੋਂ ਉਹ ਕਾਲਰਾ ਪਿੰਡ ਦੇ ਚੋਅ ਨੇੜੇ ਪੁੱਜਿਆ ਤਾਂ ਪਿੱਛੋਂ ਤੇਜ਼ ਰਫ਼ਤਾਰ ਮੋਟਰਸਾਈਕਲ ਉਨ੍ਹਾਂ ਦੇ ਬਰਾਬਰ ਆ ਗਿਆ। ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ’ਤੇ ਸਪਰੇਅ ਕਰ ਦਿੱਤਾ ਪਰ ਉਨ੍ਹਾਂ ਨੇ ਮੂੰਹ ਦੂਜੇ ਪਾਸੇ ਕਰ ਕੇ ਬਚਾਅ ਕਰ ਲਿਆ। ਇਸੇ ਦੌਰਾਨ ਹਮਲਾਵਰਾਂ ਦੇ ਹੋਰ ਸਾਥੀ ਆ ਗਏ। ਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਮੋਟਰਸਾਈਕਲ ਸੁੱਟ ਕੇ ਪਿੰਡ ਕਾਲਰਾ ਵਿੱਚ ਕਿਸੇ ਦੇ ਘਰ ਵਿੱਚ ਦਾਖ਼ਲ ਹੋ ਕੇ ਜਾਨ ਬਚਾਈ। ਪਿੱਛੋਂ ਆ ਰਹੇ ਪੁਲੀਸ ਮੁਲਾਜ਼ਮ ਨੂੰ ਦੇਖ ਕੇ ਹਮਲਾਵਰ ਦੌੜ ਗਏ। ਉਨ੍ਹਾਂ ਨੇ ਆਦਮਪੁਰ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ।