ਮਹਿੰਦਰ ਸਿੰਘ ਰੱਤੀਆਂ/ਗੁਰਜੰਟ ਕਲਸੀ
ਮੋਗਾ/ਸਮਾਲਸਰ 25 ਅਗਸਤ
ਇਥੇ ਥਾਣਾ ਸਮਾਲਸਰ ਅਧੀਨ ਪਿੰਡ ਰੋਡੇ ਕੋਲ ਅੱਜ ਦੇਰ ਸ਼ਾਮ ਇਕ ਕਾਂਗਰਸ ਆਗੂ ਉੱਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਵਾਰਦਾਤ ਤੋਂ ਪਹਿਲਾਂ ਕਾਂਗਰਸ ਆਗੂ ਨੂੰ ਫੋਨ ਕਰਕੇ ਉਸ ਕੋਲੋਂ 25 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ। ਇਸ ਹਮਲੇ ’ਚ ਕਾਂਗਰਸੀ ਆਗੂ ਵਾਲ-ਵਾਲ ਬਚ ਗਿਆ ਪਰ ਉਸ ਦੀ ਕਾਰ ਵਿਚ 6 ਗੋਲੀਆਂ ਲੱਗੀਆਂ।
ਥਾਣਾ ਸਮਾਲਸਰ ਮੁਖੀ ਵਕੀਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਜਾਣਕਾਰੀ ਅਨੁਸਾਰ ਕਾਂਗਰਸ ਆਗੂ ਸਤਨਾਮ ਸਿੰਘ ਪਿੰਡ ਲੰਡੇ ਦਿਨ ਵੇਲੇ ਨੇੜਲੇ ਪਿੰਡ ਰੋਡੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਸ਼ਾਮ ਨੂੰ ਆਪਣੇ ਪੁੱਤਰ ਜੈ ਸਿੰਘ ਨਾਲ ਕਾਰ ਵਿੱਚ ਵਾਪਸ ਪਿੰਡ ਜਾ ਰਿਹਾ ਸੀ। ਪਹਿਲਾਂ ਉਸ ਨੂੰ ਮਰਹੂਮ ਗੈਂਗਸਟਰ ਦੇਵਿੰਦਰ ਬੰਬੀਹਾ ਦੇ ਨਾਮ ਉੱਤੇ ਫੋਨ ਕਰਕੇ 25 ਲੱਖ ਦੀ ਫ਼ਿਰੌਤੀ ਮੰਗੀ ਗਈ ਸੀ। ਉਹ ਜਦੋਂ ਆਪਣੀ ਕਾਰ ਵਿੱਚ ਸਮਾਲਸਰ ਰੋਡ ਉੱਤੇ ਪੁੱਜਿਆ ਤਾਂ ਉਸ ਦਾ ਪਿੱਛਾ ਕਰ ਰਹੇ ਦੋ ਮੋਟਰਸਾਈਕਲ ਸਵਾਰਾਂ ਨੇ ਉਸ ’ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ। ਕਾਂਗਰਸ ਆਗੂ ਨੇ ਫੁਰਤੀ ਨਾਲ ਕਾਰ ਦੀ ਰਫ਼ਤਾਰ ਵਧਾ ਲਈ ਅਤੇ ਉਸ ਦੀ ਕਾਰ ਵਿੱਚ 6 ਗੋਲੀਆਂ ਲੱਗੀਆਂ। ਜਦੋਂ ਹਮਲਾਵਰਾਂ ਕੋਲੋਂ ਗੋਲੀਆਂ ਮੁੱਕ ਗਈਆਂ ਤਾਂ ਉਹ ਫ਼ਰਾਰ ਹੋ ਗਏ।
ਇਸ ਘਟਨਾ ਨੂੰ ਲੈ ਕੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਕਾਂਗਰਸ ਆਗੂ ਖੁਸ਼ਹਾਲ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦਾ ਮਰਹੂਮ ਪਿਤਾ ਸੁਖਦੇਵ ਸਿੰਘ ਪਿੰਡ ਦਾ ਸਰਪੰਚ ਵੀ ਰਿਹਾ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।