ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 26 ਦਸੰਬਰ
ਜੀਟੀ ਰੋਡ ਜੰਡਿਆਲਾ ਗੁਰੂ ’ਤੇ ਬੀਤੀ ਰਾਤ ਇੱਕ ਕਾਰ ਵਿੱਚ ਸਵਾਰ ਫਿਲਮੀ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖਾ ’ਤੇ ਦੋ ਹਥਿਆਰਬੰਦ ਹਮਲਾਵਰਾਂ ਨੇ ਗੋਲੀ ਚਲਾਈ ਪਰ ਇਸ ਹਮਲੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਸੰਤੋਖ ਸਿੰਘ ਸੁੱਖਾ ਆਪਣੀ ਕਾਰ ’ਤੇ ਸਵਾਰ ਹੋ ਕੇ ਆਪਣੇ ਗੰਨਮੈਨ ਨਾਲ ਅੰਮ੍ਰਿਤਸਰ ਤੋਂ ਬਿਆਸ ਜਾ ਰਿਹਾ ਸੀ। ਇਸੇ ਦੌਰਾਨ ਰਾਹ ਵਿੱਚ ਉਹ ਇਕ ਸਥਾਨਕ ਢਾਬੇ ’ਤੇ ਰੁਕੇ। ਗੰਨਮੈਨ ਢਾਬੇ ’ਤੇ ਚਲਾ ਗਿਆ ਅਤੇ ਉਹ ਕਾਰ ਵਿੱਚ ਬੈਠ ਰਹੇ। ਇਸੇ ਦੌਰਾਨ ਦੋ ਮੋਟਰਸਾਈਕਲ ਸਵਾਰ ਵਿਅਕਤੀ ਉਨ੍ਹਾਂ ਕੋਲ ਆ ਕੇ ਰੁਕੇ ਅਤੇ ਕਾਰ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਦੌਰਾਨ ਚਾਰ ਗੋਲੀਆਂ ਉਨ੍ਹਾਂ ਦੀ ਕਾਰ ਨੂੰ ਲੱਗੀਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਗੰਨਮੈਨ ਵਾਪਸ ਕਾਰ ਵੱਲ ਭੱਜਿਆ ਤਾਂ ਹਮਲਾਵਰ ਉਥੋਂ ਫ਼ਰਾਰ ਹੋ ਗਏ। ਇਸ ਹਮਲੇ ਸਬੰਧੀ ਸੰਤੋਖ ਸਿੰਘ ਸੁੱਖਾ ਨੇ ਜੰਡਿਆਲਾ ਗੁਰੂ ਪੁਲੀਸ ਨੂੰ ਸੂਚਿਤ ਕੀਤਾ ਅਤੇ ਪੁਲੀਸ ਮੌਕੇ ’ਤੇ ਪਹੁੰਚ ਗਈ। ਐੱਸਐੱਚਓ ਜੰਡਿਆਲਾ ਗੁਰੂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਛਾਣਬੀਣ ਦੌਰਾਨ ਉਨ੍ਹਾਂ ਨੂੰ ਗੋਲੀਆਂ ਦੇ ਚਾਰ ਚੱਲੇ ਹੋਏ ਖੋਲ ਮਿਲੇ ਹਨ। ਐੱਸਐੱਚਓ ਨੇ ਕਿਹਾ ਇਹ ਮਾਮਲਾ ਦੇਖਣ ’ਚ ਕਾਫੀ ਸ਼ੱਕੀ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਦਿਨੀਂ ਸੰਤੋਖ ਸਿੰਘ ਸੁੱਖਾ ਦੀ ਸਕਿਉਰਿਟੀ ਵਾਪਸ ਲੈ ਲਈ ਗਈ ਸੀ ਅਤੇ ਉਨ੍ਹਾਂ ’ਤੇ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਪੁਲੀਸ ਕਈ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।