ਪੱਤਰ ਪ੍ਰੇਰਕ
ਤਰਨ ਤਾਰਨ, 27 ਨਵੰਬਰ
ਪਿੰਡ ਅਲਾਦੀਨਪੁਰ ਨੇੜੇ ਅਦਾਲਤੀ ਵਿਆਹ ਕਰਵਾਉਣ ਵਾਲੇ ਇਕ ਜੋੜੇ ’ਤੇ ਹਮਲਾ ਕਰ ਕੇ ਪਰਿਵਾਰ ਵਾਲੇ ਲੜਕੀ ਨੂੰ ਆਪਣੇ ਨਾਲ ਜਬਰੀ ਲੈ ਗਏ| ਇਸ ਸਬੰਧੀ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਲੜਕੀ ਦੇ ਪਰਿਵਾਰ ਦੇ ਅੱਠ ਜੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਵਿੱਚ ਲੜਕੀ ਦੇ ਪਿਤਾ ਪਰਮਜੀਤ ਸਿੰਘ, ਮਾਤਾ ਰਾਜ ਕੌਰ, ਤਿੰਨ ਭਰਾ ਬਲਬੀਰ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਤੇ ਉਨ੍ਹਾਂ ਦੀਆਂ ਕ੍ਰਮਵਾਰ ਪਤਨੀਆਂ ਨਵਜੋਤ ਕੌਰ, ਰਣਜੀਤ ਕੌਰ ਅਤੇ ਮਨਦੀਪ ਕੌਰ ਦੇ ਨਾਮ ਸ਼ਾਮਲ ਹਨ। ਜਾਣਕਾਰੀ ਮੁਤਾਬਿਕ ਪਿੰਡ ਨੌਸ਼ਹਿਰਾ ਪੰਨੂਆਂ ਦੀ ਕੰਵਲਜੀਤ ਕੌਰ (26) ਨੇ ਗੁਆਂਢ ’ਚ ਰਹਿੰਦੇ ਲੜਕੇ ਹਰਜੀਤ ਸਿੰਘ ਨਾਲ ਅਦਾਲਤੀ ਵਿਆਹ ਕਰਵਾਉਣ ਤੋਂ ਉਸ ਦੇ ਪਰਿਵਾਰ ਵਾਲੇ ਪ੍ਰੇਸ਼ਾਨ ਸਨ| ਲੜਕੀ ਨੇ 23 ਨਵੰਬਰ ਨੂੰ ਘਰੋਂ ਭੱਜ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਿਆਹ ਕਰਵਾ ਲਿਆ ਸੀ।