ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਮਈ
ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੇ ਨਜ਼ਦੀਕੀ ਦੀਪਕ ਉਰਫ ਦੀਪੂ ’ਤੇ ਕੁਝ ਨੌਜਵਾਨਾਂ ਨੇ ਬੀਤੀ ਰਾਤ ਹਮਲਾ ਕਰ ਦਿੱਤਾ। ਇਸੇ ਦੌਰਾਨ ਹਮਲਾਵਰਾਂ ਨੇ ਗੋਲੀਆਂ ਵੀ ਚਲਾਈਆਂ। ਬਸਤੀ ਦਾਨਿਸ਼ਮੰਦਾਂ ਦੇ ਸ਼ਿਵਾਜੀ ਨਗਰ ’ਚ ਰਹਿੰਦੇ ਦੀਪਕ ਨੇ ਦੱਸਿਆ ਕਿ ਬੀਤੀ ਰਾਤ 10 ਵਜੇ ਤੋਂ ਬਾਅਦ ਉਹ ਆਪਣੇ ਘਰ ਦੇ ਬਾਹਰ ਟਹਿਲ ਰਿਹਾ ਸੀ ਤਾਂ ਉਸ ’ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸੇ ਦੌਰਾਨ ਦੂਜੇ ਧੜੇ ਨੇ ਦੋਸ਼ ਲਾਇਆ ਕਿ ਦੀਪਕ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾਈਆਂ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਬੰਧਤ ਥਾਣੇ ਦੀ ਪੁਲੀਸ ਅਤੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਮੌਕੇ ’ਤੇ ਪਹੁੰਚ ਗਏ। ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਉਥੋਂ ਗੋਲੀਆਂ ਦਾ ਕੋਈ ਖੋਲ ਨਹੀਂ ਮਿਲਿਆ। ਦੀਪਕ ਨੇ ਦੋਸ਼ ਲਾਇਆ ਕਿ ਇਸ ਹਲਕੇ ਤੋਂ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਨੇ ਉਸ ’ਤੇ ਜਾਨਲੇਵਾ ਹਮਲਾ ਕਰਵਾਇਆ ਹੈ।
ਗੋਆ ਤੋਂ ਮੋਬਾਈਲ ਫੋਨ ਰਾਹੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਨ ਅੰਗੁਰਾਲ ਨੇ ਦੀਪਕ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਤਾਂ ਤਿੰਨ ਦਿਨ ਤੋਂ ਪਰਿਵਾਰ ਨਾਲ ਗੋਆ ਆਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਆਪਣੀ ਹਾਰ ਕਾਰਨ ‘ਆਪ’ ਦੇ ਵਿਧਾਇਕ ਦਾ ਅਕਸ ਖ਼ਰਾਬ ਕਰਨ ਲਈ ਅਜਿਹੇ ਬੇਬੁਨਿਆਦ ਦੋਸ਼ ਲਾ ਰਹੇ ਹਨ। ਥਾਣਾ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਸੀਸੀਟੀਵੀ ਫੁਟੇਜ ਦੀ ਖੰਗਾਲ ਰਹੀ ਹੈ। ਜਾਂਚ ਮਗਰੋਂ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।