ਜੋਗਿੰਦਰ ਸਿੰਘ ਮਾਨ
ਮਾਨਸਾ, 10 ਜੁਲਾਈ
ਕਪਾਹ ਪੱਟੀ ਵਿੱਚ ਬੀਟੀ ਕਾਟਨ ਉੱਤੇ ਹਰੇ ਤੇਲੇ ਅਤੇ ਭੂਰੀ ਜੂੰਅ ਨੇ ਹਮਲਾ ਕਰ ਦਿੱਤਾ ਹੈ, ਜਿਸ ਤੋਂ ਘਬਰਾ ਕੇ ਕਿਸਾਨਾਂ ਵੱਲੋਂ ਫ਼ਸਲ ’ਤੇ ਵੱਖ-ਵੱਖ ਸਪਰੇਅ ਕੀਤੀਆਂ ਜਾ ਰਹੀਆਂ ਹਨ।
ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਵੇਖਾ-ਵੇਖੀ ਸਪੇਰਅ ਕਰਨ ਤੋਂ ਵਰਜਿਆ ਹੈ। ਵਿਭਾਗ ਦੇ ਮਾਹਿਰਾਂ ਨੇ ਇਸ ਹਮਲੇ ਨੂੰ ਮਾਮੂਲੀ ਦੱਸਿਆ ਹੈ ਅਤੇ ਇਸ ਨੂੰ ਈਟੀਐੱਲ ਲੈਵਲ ਤੋਂ ਥੱਲੇ ਕਰਾਰ ਦਿੰਦਿਆਂ ਮੀਹਾਂ ਤੋਂ ਬਾਅਦ ਇਸ ਦੇ ਆਪਣੇ-ਆਪ ਖ਼ਤਮ ਹੋਣ ਦਾ ਭਰੋਸਾ ਦਿੱਤਾ ਹੈ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਮਨਜੀਤ ਸਿੰਘ ਨੇ ਖੇਤਾਂ ਦਾ ਦੌਰਾ ਕਰਨ ਪਿੱਛੋਂ ਦੱਸਿਆ ਕਿ ਹਰੇ ਤੇਲੇ ਤੇ ਭੂਰੀ ਜੂੰਅ ਦਾ ਭਾਵੇਂ ਕਿਤੇ-ਕਿਤੇ ਹਮਲਾ ਹੋ ਗਿਆ ਹੈ, ਪਰ ਇਹ ਫਿਲਹਾਲ ਕਾਬੂ ਹੇਠ ਹੈ। ਇਸ ਤੋਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਨਰਮੇ ਉੱਤੇ ਕਿਸੇ ਵੀ ਕਿਸਮ ਦੇ ਰੋਗ ਤੋਂ ਬਚਾਅ ਲਈ ਕੋਈ ਦਵਾਈ ਛਿੜਕਣ ਦੀ ਸਿਫਾਰਸ਼ ਨਹੀਂ ਕੀਤੀ। ਕਿਸਾਨ ਨਰਮੇ ’ਤੇ ਨਿੰਮ ਦੀਆਂ ਨਿਮੋਲੀਆਂ ਦੀ ਸਪਰੇਅ ਕਰ ਸਕਦੇ ਹਨ। ਖੇਤੀਬਾੜੀ ਵਿਭਾਗ ਦੇ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਉਂਜ ਨਰਮੇ ਉੱਤੇ ਰਸ ਚੂਸਣ ਵਾਲੇ ਕੀੜਿਆਂ ਵਿੱਚੋਂ ਤੇਲਾ ਤੇ ਭੂਰੀ ਜੂੰਅ ਬਹੁਤ ਖ਼ਤਰਨਾਕ ਹਨ ਅਤੇ ਇਹ ਜੁਲਾਈ ਤੋਂ ਸਤੰਬਰ ਮਹੀਨੇ ਤੱਕ ਫ਼ਸਲ ਦਾ ਨੁਕਸਾਨ ਕਰ ਸਕਦੇ ਹਨ।
ਇਸੇ ਦੌਰਾਨ ਖੇਤੀਬਾੜੀ ਵਿਭਾਗ ਨੇ ਨਰਮੇ ’ਤੇ ਹਰੇ ਤੇਲੇ ਅਤੇ ਭੂਰੀ ਜੂੰਅ ਦੇ ਹਮਲੇ ਸਬੰਧੀ ਮੀਟਿੰਗ ਕਰ ਕੇ ਜ਼ਿਲ੍ਹੇ ਵਿਚਲੇ ਬਲਾਕ ਅਧਿਕਾਰੀਆਂ ਤੋਂ ਇਸ ਸਬੰਧੀ ਪੁੱਛ-ਗਿੱਛ ਕੀਤੀ ਹੈ ਅਤੇ ਮੀਟਿੰਗ ਸਬੰਧੀ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਜਾਣੂ ਕਰਵਾਇਆ ਹੈ।