ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਅੱਜ ਪੰਜਾਬ ਤੇ ਹੋਰ ਰਾਜਾਂ ਦੇ ਕਈ ਮੌਜੂਦਾ ਤੇ ਸਾਬਕਾ ਖਿਡਾਰੀ ਆਪਣੇ ਸਰਕਾਰੀ ਸਨਮਾਨ ਵਾਪਸ ਕਰਨ ਲਈ ਰਾਸ਼ਟਰਪਤੀ ਭਵਨ ਵੱਲ ਨਿਕਲੇ, ਪਰ ਉਨ੍ਹਾਂ ਨੂੰ ਪ੍ਰੈੱਸ ਕਲੱਬ ਦੇ ਬਾਹਰ ਹੀ ਰੋਕ ਲਿਆ ਗਿਆ। ਪਦਮਸ੍ਰੀ ਕਰਤਾਰ ਸਿੰਘ ਤੇ ਰਾਜਬੀਰ ਕੌਰ ਸਮੇਤ ਕਰੀਬ ਦਸ ਖਿਡਾਰੀਆਂ ਨੂੰ ਕਲੱਬ ਸਾਹਮਣਿਓਂ ਅੱਗੇ ਨਹੀਂ ਵਧਣ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਉੱਥੇ ਹੀ ਕੁਝ ਦੇਰ ਲਈ ਧਰਨਾ ਮਾਰ ਦਿੱਤਾ। ਕਰਤਾਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦੇ ਹੱਕ ਵਿੱਚ ਪੰਜਾਬ ਤੇ ਹੋਰ ਰਾਜਾਂ ਦੇ ਕਰੀਬ 30 ਮੌਜੂਦਾ ਤੇ ਸਾਬਕਾ ਖਿਡਾਰੀਆਂ ਨੇ ਐਵਾਰਡ ਵਾਪਸ ਕਰਨ ਲਈ ਨਾਂ ਦਿੱਤੇ ਹੋਏ ਹਨ ਤੇ ਉਹ 10 ਖਿਡਾਰੀਆਂ ਨਾਲ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਆਪਣੇ ਸਨਮਾਨ ਵਾਪਸ ਕਰਨ ਜਾਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਕਈ ਸਾਬਕਾ ਖਿਡਾਰੀ ਵੀ ਸਨਮਾਨ ਵਾਪਸ ਕਰਨਾ ਚਾਹੁੰਦੇ ਹਨ ਤੇ ਇਹ ਸੂਚੀ 60 ਦੇ ਕਰੀਬ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਸਨਮਾਨ ਵਾਪਸ ਕਰਨ ਲਈ ਸਮਾਂ ਮੰਗਿਆ ਸੀ ਪਰ ਨਹੀਂ ਮਿਲਿਆ। ਉਹ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਹੀ ਵਿਰੋਧ ਦੇ ਰੂਪ ਵਿਚ ਸਨਮਾਨ ਵਾਪਸ ਕਰਨਾ ਚਾਹੁੰਦੇ ਸਨ। ਕਰਤਾਰ ਸਿੰਘ ਮੁਤਾਬਕ ਜਿਵੇਂ ਹੀ ਰਾਸ਼ਟਰਪਤੀ ਮਿਲਣ ਲਈ ਸਮਾਂ ਦੇਣਗੇ, ਉਹ ਲੋਕਤੰਤਰਿਕ ਤਰੀਕੇ ਨਾਲ ਉਡੀਕ ਕਰ ਕੇ ਸਨਮਾਨ ਵਾਪਸ ਕਰਨਗੇ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ 9 ਦਸੰਬਰ ਨੂੰ ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ ਵਿਚ ਮੰਗਾਂ ਨਾਲ ਸਹਿਮਤ ਹੋ ਜਾਂਦੀ ਹੈ ਤਾਂ ਉਹ ਸਨਮਾਨ ਵਾਪਸ ਨਹੀਂ ਕਰਨਗੇ। ਇਨ੍ਹਾਂ ਖਿਡਾਰੀਆਂ ਦੇ ਨਾਲ ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਕਈ ਸਨਮਾਨਿਤ ਖਿਡਾਰੀ ਵੀ ਇਸ ਮੌਕੇ ਸਨਮਾਨ ਵਾਪਸ ਕਰਨ ਦੀ ਮੁਹਿੰਮ ਦਾ ਸਮਰਥਨ ਕਰਨ ਆਏ। ਕਰਤਾਰ ਸਿੰਘ ਨੇ ਕਿਹਾ ‘ਇਹੀ ਕਿਸਾਨ ਖੇਡ ਦੇ ਮੈਦਾਨਾਂ ਵਿਚ ਸਾਡੇ ਲਈ ਤਾੜੀਆਂ ਮਾਰ ਕੇ ਉਤਸ਼ਾਹ ਵਧਾਉਂਦੇ ਆਏ ਹਨ ਤੇ ਹੁਣ ਜਦ ਉਹ ਮੁਸ਼ਕਲ ਵਿਚ ਹਨ ਤਾਂ ਖਿਡਾਰੀ ਸਨਮਾਨ ਵਾਪਸ ਕਰ ਕੇ ਹਮਾਇਤ ਲਈ ਦਿੱਲੀ ਪੁੱਜੇ ਹਨ।’ ਉਹ ਆਪਣੇ ਨਾਲ ਸਾਰੇ ਮੁੱਖ ਸਨਮਾਨ ਕਾਰੀ ਦੀ ਡਿੱਕੀ ਵਿੱਚ ਰੱਖ ਕੇ ਲਿਆਏ ਸਨ। ਰਾਸ਼ਟਰਪਤੀ ਨੂੰ ਮਿਲਣ ਜਾਣ ਵਾਲਿਆਂ ਵਿੱਚ ਰਾਜਬੀਰ ਕੌਰ ਤੇ ਉਨ੍ਹਾਂ ਦਾ ਪਤੀ ਗੁਰਮੇਲ ਸਿੰਘ, ਪਿਆਰਾ ਸਿੰਘ, ਰਾਜਪਾਲ ਸਿੰਘ ਵੀ ਨਾਲ ਸਨ।
ਸੁਰਜੀਤ ਪਾਤਰ ਨੇ ਪਦਮਸ੍ਰੀ ਸਨਮਾਨ ਮੋੜਿਆ
ਚੰਡੀਗੜ੍ਹ (ਆਤਿਸ਼ ਗੁਪਤਾ): ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਅੱਜ ਪੰਜਾਬੀ ਦੇ ਉੱਘੇ ਲੇਖਕ ਅਤੇ ਕਵੀ ਸੁਰਜੀਤ ਪਾਤਰ ਨੇ ਪਦਮਸ੍ਰੀ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਖੇਤਰ ਲਈ ਲਿਆਂਦੇ ਗਏ ਤਿੰਨ ਕਾਨੂੰਨ ਕਿਸਾਨੀ ਨਾਲ ਧੋਖਾ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਵਤੀਰੇ ਤੋਂ ਉਹ ਬਹੁਤ ਦੁਖੀ ਹਨ। ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕੇਂਦਰ ਵੱਲੋਂ ਕਿਸਾਨਾਂ ਨੂੰ ਸੰਤੁਸ਼ਟ ਕਰਨ ਲਈ ਕੁਝ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪ੍ਰਸਿੱਧ ਲੇਖਕ ਅਤੇ ਕਵੀ ਸੁਰਜੀਤ ਪਾਤਰ ਨੂੰ ਸਾਲ 2012 ਵਿੱਚ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਕਈ ਲੇਖਕਾਂ ਨੇ ਇਸ ਸੰਘਰਸ਼ ਦੀ ਹਮਾਇਤ ਕਰਦਿਆਂ ਆਪਣੇ ਪੁਰਸਕਾਰ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ। ਸੁਰਜੀਤ ਪਾਤਰ ਨੇ ਦੱਸਿਆ ਕਿ ਪਦਮਸ੍ਰੀ ਸਨਮਾਨ ਮਿਲਣ ਵੇਲੇ ਦੋ ਸਤਰਾਂ ਉਨ੍ਹਾਂ ਲਿਖੀਆਂ ਸਨ ਜਿਹੜੀਆਂ ਹੁਣ ਸਨਮਾਨ ਮੋੜਨ ਵੇਲੇ ਮੁੜ ਚੇਤੇ ਆ ਗਈਆਂ ਹਨ।
‘ਅੰਮੜੀ ਮੈਨੂੰ ਆਖਣ ਲੱਗੀ: ਤੂੰ ਧਰਤੀ ਦਾ ਗੀਤ ਰਹੇਂਗਾ’
ਪਦਮਸ੍ਰੀ ਹੋ ਕੇ ਵੀ ਪਾਤਰ ਤੂੰ ਮੇਰਾ ਸੁਰਜੀਤ ਰਹੇਂਗਾ’