ਬੱਸ ਰਾਹੀਂ ਲੁਧਿਆਣਾ ਤੋਂ ਸੰਗਰੂਰ ਪੁੱਜਿਆ, ਸੰਪਰਕ ਵਿੱਚ ਆਉਣ ਵਾਲਿਆਂ ਦੀ ਭਾਲ ਵਿੱਚ ਜੁਟਿਆ ਪ੍ਰਸ਼ਾਸਨਗੁਰਦੀਪ ਸਿੰਘ ਲਾਲੀ
ਸੰਗਰੂਰ, 11 ਜੂਨ
ਲੁਧਿਆਣਾ ਵਿੱਚ ਗੋਡੇ ਦਾ ਇਲਾਜ ਕਰਾਉਣ ਗਏ ਸੰਗਰੂਰ ਦੇ ਇੱਕ ਵਿਅਕਤੀ ਦੀ ਲੁਧਿਆਣਾ ਵਿਖੇ ਕਰੋਨਾ ਰਿਪੋਰਟ ਪਾਜ਼ੇਟਿਵ ਆ ਗਈ। ਬੀਤੀ ਰਾਤ ਇਹ ਵਿਅਕਤੀ ਹਸਪਤਾਲ ਤੋਂ ਆਪਣੇ ਲੜਕੇ ਦੇ ਘਰ ਲੁਧਿਆਣਾ ਚਲਾ ਗਿਆ ਜਿਥੋਂ ਅੱਜ ਸਵੇਰੇ ਇਹ ਪੀਆਰਟੀਸੀ ਦੀ ਬੱਸ ਰਾਹੀਂ ਸੰਗਰੂਰ ਪੁੱਜ ਗਿਆ ਅਤੇ ਮਗਰੋਂ ਰਿਕਸ਼ੇ ਰਾਹੀਂ ਇਹ ਸੁਨਾਮੀ ਗੇਟ ਆਪਣੇ ਘਰ ਪੁੱਜਿਆ। ਲੁਧਿਆਣਾ ਸਿਹਤ ਵਿਭਾਗ ਨੇ ਇਸਦੀ ਸੂਚਨਾ ਸੰਗਰੂਰ ਦੇ ਸਿਹਤ ਵਿਭਾਗ ਨੂੰ ਦਿੱਤੀ ਹੈ। ਟੀਮ ਇੰਚਾਰਜ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤੋਂ ਹੀ ਸਿਹਤ ਵਿਭਾਗ ਦੀ ਟੀਮ ਇਸਦੀ ਭਾਲ ਕਰ ਰਹੀ ਸੀ। ਅੱਜ ਇਸ ਨੂੰ ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸਦੇ ਸੰਪਰਕ ’ਚ ਆਏ ਲੁਧਿਆਣਾ ਸਥਿਤ ਇਸਦੇ ਪਰਿਵਾਰਕ ਮੈਂਬਰਾਂ, ਬੱਸ ਦੇ ਡਰਾਈਵਰ ਤੇ ਕੰਡਕਟਰ ਅਤੇ ਰਿਕਸ਼ਾ ਚਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਜਾ ਸਕੇ।