ਜਸਵੰਤ ਜੱਸ
ਫਰੀਦਕੋਟ, 13 ਅਗਸਤ
ਸੁਪਰੀਮ ਕੋਰਟ ਨੇ ਅੱਜ ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਵੱਲੋਂ ਸਥਾਪਤ ਕੀਤੇ ਗਏ ਮਹਾਂਰਾਵਲ ਖੇਵਾ ਜੀ ਟਰੱਸਟ ਨੂੰ ਹਾਲ ਦੀ ਘੜੀ ਵੱਡੀ ਰਾਹਤ ਦਿੰਦਿਆਂ ਆਦੇਸ਼ ਦਿੱਤਾ ਕਿ ਟਰੱਸਟ ਹੀ ਸ਼ਾਹੀ ਜਾਇਦਾਦ ਦੀ ਸਾਂਭ ਸੰਭਾਲ ਕਰੇਗਾ। ਇਸ ਮੌਕੇ ਮਹਾਂਰਾਵਲ ਖੇਵਾ ਜੀ ਟਰੱਸਟ ਰਿਆਸਤ ਦੀ ਕਰੀਬ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦੀ ਸਾਂਭ ਸੰਭਾਲ ਕਰ ਰਿਹਾ ਹੈ।
ਸੁਪਰੀਮ ਕੋਰਟ ਦੇ ਜਸਟਿਸ ਉਦੈ ਉਮੇਸ਼ ਲਲਿਤ ਅਤੇ ਜਸਟਿਸ ਵਨੀਤ ਸਰਾਂ ਨੇ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੀਵ ਪਟੀਸ਼ਨ ਦੇ ਨਿਪਟਾਰੇ ਤੱਕ ਮੌਜੂੁਦਾ ਸਥਿਤੀ ਬਹਾਲ ਰੱਖਣ ਦਾ ਹੁਕਮ ਦਿੰਦਿਆਂ ਮਾਮਲੇ ਦੀ ਸੁਣਵਾਈ 6 ਅਕਤੂਬਰ ਤੱਕ ਟਾਲ ਦਿੱਤੀ। ਸੁਪਰੀਮ ਕੋਰਟ ਦੇ ਆਦੇਸ਼ ਨਾਲ ਮਹਾਂਰਾਵਲ ਖੇਵਾ ਜੀ ਟਰੱਸਟ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਟਰੱਸਟ ਭੰਗ ਹੋਣ ਕਾਰਨ ਟਰੱਸਟ ਬੈਂਕਾਂ ਰਾਹੀਂ ਲੈਣ-ਦੇਣ ਕਰਨ ਤੋਂ ਅਸਮਰੱਥ ਹੋ ਗਿਆ ਸੀ। ਸੁਪਰੀਮ ਕੋਰਟ ਨੇ ਟਰੱਸਟ ਨੂੰ ਇਹ ਵੀ ਆਦੇਸ਼ ਦਿੱਤੇ ਹਨ ਕਿ ਅਗਲੀ ਤਾਰੀਖ ਪੇਸ਼ੀ ’ਤੇ ਪਿਛਲੇ ਪੰਜ ਸਾਲਾਂ ਦੀ ਟਰੱਸਟ ਦੀ ਅਕਾਊਂਟ ਸਟੇਟਮੈਂਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇ। ਰਾਜਾ ਹਰਿੰਦਰ ਸਿੰਘ ਬਰਾੜ ਦੀ ਮੌਤ ਤੋਂ ਬਾਅਦ 1990 ਵਿੱਚ ਉਨ੍ਹਾਂ ਦੀ ਛੋਟੀ ਬੇਟੀ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਰਾਜੇ ਦੀ ਵਸੀਅਤ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। 40 ਸਾਲਾਂ ਬਾਅਦ ਇਹ ਵਿਵਾਦ ਆਖਰੀ ਸੁਣਵਾਈ ਲਈ ਸੁਪਰੀਮ ਕੋਰਟ ਪੁੱਜ ਗਿਆ ਹੈ।