ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਅਕਤੂਬਰ
ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਦੇ ਸੂਬਾਈ ਵਫ਼ਦ ਦੀ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਚੰਡੀਗੜ੍ਹ ਵਿੱਚ ਹੋਈ ਪੈਨਲ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ 31 ਮਾਰਚ 2022 ਤੱਕ ਖਾਲੀ ਹੋਣ ਵਾਲੀਆਂ ਸਾਰੀਆਂ ਅਸਾਮੀਆਂ ਭਰਨ ਦਾ ਭਰੋਸਾ ਦਿੱਤਾ ਹੈ। ਮੀਟਿੰਗ ਵਿੱਚ ਸਕੂਲ ਸਿੱਖਿਆ ਸਕੱਤਰ ਅਤੇ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹੋਏ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਭਾਵੇਂ ਪਿਛਲੇ ਸਾਢੇ ਚਾਰ ਸਾਲ ਦੌਰਾਨ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ ਪਰ ਨਵੇਂ ਸਿੱਖਿਆ ਮੰਤਰੀ ਨੇ ਮੀਟਿੰਗ ਵਿੱਚ ਮੰਗਾਂ ਸਬੰਧੀ ਵਧੀਆ ਹੁੰਗਾਰਾ ਭਰਿਆ ਹੈ। ਸ੍ਰੀ ਢਿੱਲਵਾਂ ਨੇ ਦੱਸਿਆ ਕਿ ਸੰਗਰੂਰ ਵਿੱਚ ਪਾਣੀ ਵਾਲੀ ਟੈਂਕੀ ਕੋਲ ਉਨ੍ਹਾਂ ਦਾ ਪੱਕਾ ਮੋਰਚਾ ਜਾਰੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਿੱਖਿਆ ਮੰਤਰੀ ਨੇ ਮੰਗਾਂ ਸਬੰਧੀ ਵਧੀਆ ਹੁੰਗਾਰਾ ਭਰਦਿਆਂ ਖਾਲੀ ਅਸਾਮੀਆਂ ਭਰਨ ਦਾ ਭਰੋਸਾ ਦਿੱਤਾ ਹੈ, ਪਰ ਸਰਕਾਰ ਦੇ ਭਰੋਸੇ ’ਤੇ ਉਹ ਲੰਮੇ ਸਮੇਂ ਤੋਂ ਚੱਲ ਰਿਹਾ ਸੰਘਰਸ਼ ਨਹੀਂ ਛੱਡ ਸਕਦੇ, ਇਸ ਲਈ ਮੰਗਾਂ ਦੀ ਪ੍ਰਾਪਤੀ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਐਲਾਨ ਕੀਤਾ ਕਿ ਜੇ ਭਰਤੀ ਦਾ ਇਸ਼ਤਿਹਾਰ ਜਾਰੀ ਨਾ ਕੀਤਾ ਗਿਆ ਤਾਂ 17 ਅਕਤੂਬਰ ਨੂੰ ‘ਵੰਗਾਰ ਰੈਲੀ’ ਕਰ ਕੇ ਮੁੜ ਮੋਰਿੰਡਾ ਵਿੱਚ ਪੱਕਾ ਮੋਰਚਾ ਲਾਇਆ ਜਾਵੇਗਾ।ਇਸ ਦੌਰਾਨ ਯੂਨੀਅਨ ਨੇ ਮੋਰਿੰਡਾ ਵਿੱਚ ਪੁਲੀਸ ਵੱਲੋਂ ਕਿਰਤੀ ਵਰਗ ’ਤੇ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ ਵੀ ਕੀਤੀ। ਇਸ ਮੌਕੇ ਸੰਦੀਪ ਸਿੰਘ ਗਿੱਲ, ਗਗਨਦੀਪ ਕੌਰ, ਸੁਖਜੀਤ ਸਿੰਘ ਹਰੀਕੇ, ਸੰਦੀਪ ਕੌਰ ਤੇ ਹੋਰ ਆਗੂ ਹਾਜ਼ਰ ਸਨ।
ਕਾਲਜਾਂ ਸਬੰਧੀ ਮਸਲੇ ਜਲਦੀ ਸੁਲਝਾਉਣ ਦਾ ਭਰੋਸਾ
ਚੰਡੀਗੜ੍ਹ/ਅੰਮ੍ਰਿਤਸਰ (ਟਨਸ/ਪੱਤਰ ਪ੍ਰੇਰਕ): ਗੈਰ‐ਸਰਕਾਰੀ ਕਾਲਜਿਜ਼ ਮੈਨੇਜਮੈਂਟ ਫੈੱਡਰੇਸ਼ਨ ਪੰਜਾਬ ਅਤੇ ਚੰਡੀਗੜ੍ਹ ਦੇ ਅਹੁਦੇਦਾਰਾਂ ਨਾਲ ਹੋਈ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜਾਂ ਸਬੰਧੀ ਲਟਕਦੇ ਮਸਲਿਆਂ ਨੂੰ ਜਲਦੀ ਸੁਲਝਾਉਣ ਦਾ ਭਰੋਸਾ ਦਿੱਤਾ ਹੈ। ਫੈੱਡਰੇਸ਼ਨ ਦੇ ਅਹੁਦੇਦਾਰਾਂ ਨੇ ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਸਿੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਗੈਰ‐ਸਰਕਾਰੀ ਕਾਲਜਾਂ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਸ੍ਰੀ ਛੀਨਾ ਨੇ ਸਿੱਖਿਆ ਮੰਤਰੀ ਤੋਂ 75 ਫ਼ੀਸਦੀ ਗਰਾਂਟ-ਇਨ‐ਏਡ ਸਕੀਮ ਰੱਦ ਕਰ ਕੇ ਇਸ ਦੀ ਜਗ੍ਹਾ ਪੁਰਾਣੀ 95 ਫ਼ੀਸਦੀ ਗਰਾਂਟ-ਇਨ‐ਏਡ ਸਕੀਮ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਜਲਦੀ ਹੀ ਇਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ।