ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਜੂਨ
ਲੋਕ ਸਭਾ ਦੀ ਜ਼ਿਮਨੀ ਚੋਣ ਮੌਕੇ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਨੂੰ ਪੰਜਾਬ ਸਰਕਾਰ ਵੱਲੋਂ 28 ਅਤੇ 29 ਜੂਨ ਲਈ ਪ੍ਰਮੁੱਖ ਸਕੱਤਰ ਨਵਰਾਜ ਸਿੰਘ ਨਾਲ ਪੈਨਲ ਮੀਟਿੰਗਾਂ ਕੀਤੀਆਂ। ਭਾਵੇਂ 28 ਜੂਨ ਨੂੰ ਮੀਟਿੰਗ ਲਈ ਪਹੁੰਚੀਆਂ ਜਥੇਬੰਦੀਆਂ ਨੂੰ ਨਿਰਾਸ਼ਾ ਹੋਈ ਸੀ ਪਰ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਬੇਰੁਜ਼ਗਾਰ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਪ੍ਰਮੁੱਖ ਸਕੱਤਰ ਨਵਰਾਜ ਸਿੰਘ ਨੇ ਮੀਟਿੰਗ ਕੀਤੀ ਅਤੇ ਮੰਗਾਂ ਦੀ ਜਲਦ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ। ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਪ੍ਰਮੁੱਖ ਸਕੱਤਰ ਨੇ ਬੇਰੁਜ਼ਗਾਰਾਂ ਦੀਆਂ ਮੰਗਾਂ ਸੁਣ ਕੇ ਆਉਂਦੇ ਕੁਝ ਦਿਨਾਂ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਧਰਵਾਸ ਨਾਲ ਭਾਵੇਂ ਬੇਰੁਜ਼ਗਾਰਾਂ ਨੇ ਕੁਝ ਸਮਾਂ ਆਪਣੇ ਸੰਘਰਸ਼ ਨੂੰ ਰੋਕ ਦਿੱਤਾ ਹੈ ਪਰ ਸਰਕਾਰ ਵੱਲੋਂ ਦਿੱਤੇ ਭਰੋਸੇ ਮੁਤਾਬਕ ਮੰਗਾਂ ਹੱਲ ਨਾ ਕੀਤੀਆਂ ਗਈਆਂ ਤਾਂ ਅਗਲੇ ਹਫ਼ਤੇ ਸੰਘਰਸ਼ ਦਾ ਖਾਕਾ ਘੜਿਆ ਜਾਵੇਗਾ। ਬੇਰੁਜ਼ਗਾਰਾਂ ਦੀ ਮੰਗ ਹੈ ਕਿ 4161 ਅਸਾਮੀਆਂ ਮਾਸਟਰ ਕੇਡਰ ਦੇ ਇਸ਼ਤਿਹਾਰ ਵਿੱਚ ਅਸਾਮੀਆਂ (ਖਾਸਕਰ ਹਿੰਦੀ, ਪੰਜਾਬੀ ਅਤੇ ਸਮਾਜਿਕ ਸਿੱਖਿਆ) ਵਿੱਚ ਵਾਧਾ ਕਰਕੇ ਤੁਰੰਤ ਲਿਖਤੀ ਪ੍ਰੀਖਿਆ ਲਈ ਜਾਵੇ। ਇਸੇ ਤਰ੍ਹਾਂ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਤੋਂ ਇਲਾਵਾ ਆਦਰਸ਼ ਸਕੂਲ ਯੂਨੀਅਨ, ਮੈਰੀਟੋਰੀਅਸ ਸਕੂਲ ਯੂਨੀਅਨ, ਓਵਰਏਜ ਅਧਿਆਪਕ ਯੂਨੀਅਨ ਤੇ ਨਿਊ ਪੀਟੀਆਈ ਅਧਿਆਪਕ ਯੂਨੀਅਨ ਪੰਜਾਬ ਨੂੰ ਵੀ ਮੰਗਾਂ ਦੇ ਹੱਲ ਦਾ ਭਰੋਸਾ ਮਿਲਿਆ ਹੈ।