ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 6 ਅਗਸਤ
ਫ਼ਰੀਦਕੋਟ ਪੁਲੀਸ ਨੇ ਸਥਾਨਕ ਕੇਂਦਰੀ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਿੰਨੀ ਟਾਂਕ ਨੂੰ 78 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਸਹਾਇਕ ਸੁਪਰਡੈਂਟ ਬੈਰਕਾਂ ਦੀ ਚੈਕਿੰਗ ਲਈ ਜਦੋਂ ਡਿਉਢੀ ਤੋਂ ਅੱਗੇ ਜਾਣ ਲੱਗਾ ਤਾਂ ਦਰਵਾਜ਼ੇ ’ਤੇ ਤਾਇਨਾਤ ਸੰਤਰੀ ਨੇ ਉਸ ਨੂੰ ਤਲਾਸ਼ੀ ਲਈ ਰੋਕ ਲਿਆ। ਤਲਾਸ਼ੀ ਦੌਰਾਨ ਸਹਾਇਕ ਸੁਪਰਡੈਂਟ ਦੀ ਫਾਈਲ ਵਿੱਚੋਂ 78 ਗ੍ਰਾਮ ਹੈਰੋਇਨ ਬਰਾਮਦ ਹੋਈ। ਡਿਉਢੀ ’ਤੇ ਤਾਇਨਾਤ ਮੁਲਾਜ਼ਮਾਂ ਨੇ ਜੇਲ੍ਹ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ। ਇਸ ਮਗਰੋਂ ਸਿਟੀ ਪੁਲੀਸ ਫ਼ਰੀਦਕੋਟ ਨੇ ਸਹਾਇਕ ਜੇਲ੍ਹ ਸੁਪਰਡੈਂਟ ਰਣਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਬਿੰਨੀ ਟਾਂਕ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫ਼ਰੀਦਕੋਟ ਦੇ ਐੱਸ.ਐੱਸ.ਪੀ ਰਾਜਪਾਲ ਸਿੰਘ ਸੰਧੂ ਨੇ ਕਿਹਾ ਕਿ ਸਿਟੀ ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।