ਐਸ.ਏ.ਐਸ.ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸੀਨੀਅਰ ਆਈਏਐਸ ਅਫ਼ਸਰ ਸੰਜੈ ਪੋਪਲੀ ਨੂੰ ਅੱਜ ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਸੰਜੈ ਪੋਪਲੀ ਦੀ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ-1, ਮੁਹਾਲੀ ਥਾਣੇ ਵਿੱਚ ਪਿਛਲੇ ਸਾਲ 6 ਅਗਸਤ ਨੂੰ ਦਰਜ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰੀ ਪਾਈ ਗਈ ਹੈ। ਸੰਜੈ ਪੋਪਲੀ ਵੱਲੋਂ ਕੀਤੇ ਇਕਬਾਲੀਆ ਬਿਆਨ ਦੇ ਆਧਾਰ ’ਤੇ ਉਸ ਦੇ ਘਰ ’ਚੋਂ ਸੋਨੇ ਦੀਆਂ 9 ਇੱਟਾਂ (ਪ੍ਰਤੀ ਇੱਟ ਵਜ਼ਨ 1 ਕਿੱਲੋ), 49 ਸੋਨੇ ਦੇ ਬਿਸਕੁਟ (3160 ਗਰਾਮ), 12 ਸੋਨੇ ਦੇ ਸਿੱਕੇ (356 ਗ੍ਰਾਮ), ਚਾਂਦੀ ਦੀਆਂ 3 ਇੱਟਾਂ (ਪ੍ਰਤੀ ਇੱਟ ਵਜ਼ਨ 1 ਕਿੱਲੋ), 18 ਚਾਂਦੀ ਦੇ ਸਿੱਕੇ (180 ਗਰਾਮ), 4 ਐਪਲ ਆਈ-ਫੋਨ, ਇੱਕ ਸੈਮਸੰਗ ਫੋਲਡ ਫ਼ੋਨ, ਦੋ ਸੈਮਸੰਗ ਸਮਾਰਟ ਘੜੀਆਂ ਅਤੇ 3.50 ਲੱਖ ਰੁਪਏ ਬਰਾਮਦ ਹੋਏ।