ਅਮਲੋਹ (ਰਾਮ ਸਰਨ ਸੂਦ): ਇਥੇ ਪੁਰਾਣੀ ਦਾਣਾ ਮੰਡੀ ਵਿੱਚ ਆਲੂਆਂ ਦੀਆਂ ਟਿੱਕੀਆਂ ਵੇਚਣ ਵਾਲੇ ਰੇਹੜੀ ਚਾਲਕ ਸੁਨੀਲ ਕੁਮਾਰ ਵਾਸੀ ਅਮਲੋਹ ਦੀ ਕਾਰ ਸਵਾਰ ਚਾਰ ਵਿਅਕਤੀਆਂ ਵੱਲੋਂ ਟਿੱਕੀਆਂ ਦੇ ਪੈਸੇ ਮੰਗਣ ’ਤੇ ਕੁੱਟਮਾਰ ਕੀਤੀ ਗਈ। ਜ਼ਖ਼ਮੀ ਰੇਹੜੀ ਚਾਲਕ ਨੂੰ ਸਿਵਲ ਹਸਪਤਾਲ ਅਮਲੋਹ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਸ ਦੇ ਭਰਾ ਅਮਰ ਸਿੰਘ ਨੇ ਦੋਸ਼ ਲਾਇਆ ਕਿ ਵਿਸ਼ਨੂੰ ਜਿੰਦਲ ਨੇ ਇਕ ਦਿਨ ਪਹਿਲਾਂ ਆਲੂ ਦੀਆਂ 13 ਟਿੱਕੀਆਂ ਮੰਗਵਾਈਆਂ ਸਨ। ਜਦੋਂ ਪੈਸੇ ਮੰਗੇ ਤਾਂ ਵਿਸ਼ਨੂੰ ਨੇ ਆਸ਼ੂ ਜਿੰਦਲ, ਚਮਕੌਰ ਸਿੰਘ ਅਤੇ ਹੈਪੀ ਨੂੰ ਨਾਲ ਲੈ ਕੇ ਸੁਨੀਲ ਦੀ ਕੁੱਟਮਾਰ ਕੀਤੀ। ਇਸ ਬਾਰੇ ਥਾਣਾ ਅਮਲੋਹ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ। ਵਿਸ਼ਨੂੰ ਜਿੰਦਲ ਨੇ ਦੋਸ਼ਾਂ ਨੂੰ ਗ਼ਲਤ ਦੱਸਿਆ ਕਿਹਾ ਕਿ ਸੁਨੀਲ ਕੁਮਾਰ ਨੇ ਉਨ੍ਹਾਂ ਦੀ ਦੁਕਾਨ ’ਤੇ ਆ ਕੇ ਗਾਲੀ-ਗਲੋਚ ਕੀਤੀ ਸੀ। ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।