ਜਗਜੀਤ ਸਿੰਘ
ਮੁਕੇਰੀਆਂ, 13 ਸਤੰਬਰ
ਮੋਟਰਸਾਈਕਲ ਤੇ ਕਾਰ ਸਵਾਰ ਅਣਪਛਾਤੇ ਹਮਲਾਵਰਾਂ ਨੇ ਬੀਤੀ ਰਾਤ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜ ਚੁੱਕੇ ਸੁਲੱਖਣ ਸਿੰਘ ਜੱਗੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਆਪ ਨੇਤਾ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਪਹਿਲਾਂ ਸਿਵਲ ਹਸਪਤਾਲ ਮੁਕੇਰੀਆਂ ਲਿਆਂਦਾ ਗਿਆ, ਜਿਥੇ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਸੀਐੱਮਸੀ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ। ਹਮਲਾਵਰ ਮੌਕੇ ਤੋਂ ਵਾਹਨਾਂ ਸਮੇਤ ਫ਼ਰਾਰ ਹੋ ਗਏ। ਮੁਕੇਰੀਆਂ ਪੁਲੀਸ ਨੇ ਜੱਗੀ ਦੇ ਬਿਆਨ ਦਰਜ ਕਰ ਲਏ ਹਨ। ਹਮਲੇ ਪਿੱਛੇ ਮਾਈਨਿੰਗ ਤੇ ਭੂ-ਮਾਫੀਆ ਨਾਲ ਜੁੜੇ ਲੋਕਾਂ ਦਾ ਹੱਥ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਪਰ ਪੁਲੀਸ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਸ੍ਰੀ ਜੱਗੀ ਨੇ ਨਗਰ ਕੌਂਸਲ ਦੀ ਬਹੁਕਰੋੜੀ ਜ਼ਮੀਨ ’ਤੇ ਕਾਬਜ਼ ਕੁਝ ਲੋਕਾਂ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੋਈ ਸੀ ਅਤੇ ਪਿੰਡ ਤੱਗੜ ਕਲਾਂ ਵਿਖੇ ਪੰਚਾਇਤੀ ਜ਼ਮੀਨ ’ਤੇ ਹੋ ਰਹੀ ਨਜਾਇਜ਼ ਮਾਈਨਿੰਗ ਖਿਲਾਫ਼ ਵੀ ਝੰਡਾ ਚੁੱਕਿਆ ਹੋਇਆ ਸੀ। ਬੀਤੀ ਰਾਤ ਕਰੀਬ 10 ਵਜੇ ਜੱਗੀ ਆਪਣੀ ਦੁਕਾਨ ਤੋਂ ਘਰ ਨੂੰ ਵਾਪਸ ਜਾ ਰਹੇ ਸਨ, ਜਦੋਂ ਉਹ ਘਰ ਤੋਂ ਥੋੜ੍ਹੀ ਦੂਰ ਸਨ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਗੱਡੀ ਰੋਕਣ ਲਈ ਇਸ਼ਾਰਾ ਕੀਤਾ, ਉਹ ਹਾਲੇ ਹੌਲੀ ਹੀ ਹੋਏ ਸਨ ਕਿ ਹਮਲਵਰਾਂ ਨੇ ਉਨ੍ਹਾਂ ਦੀ ਗੱਡੀ ਦੇ ਅਗਲੇ ਸ਼ੀਸੇ ਵਿੱਚ ਰਾਡ ਮਾਰ ਦਿੱਤੀ। ਇਸੇ ਦੌਰਾਨ ਹਮਲਾਵਰਾਂ ਦੇ ਕਰੀਬ 5 ਹੋਰ ਕਾਰ ਸਵਾਰ ਸਾਥੀਆਂ ਨੇ ਵੀ ਜੱਗੀ ’ਤੇ ਤੇਜ਼ ਹਥਿਆਰਾਂ ਟੁੱਟ ਪਏ। ਇਸ ਕਾਰਨ ਉਨ੍ਹਾਂ ਦੇ ਸਿਰ, ਬਾਂਹ ਤੇ ਲੱਤ ’ਤੇ ਗੰਭੀਰ ਸੱਟਾਂ ਲੱਗੀਆਂ। ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ ਨੇ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।