ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 23 ਜੂਨ
ਇਥੇ ਕਪੂਰਥਲਾ ਚੌਕ ਵਿੱਚ ਨਾਕੇ ’ਤੇ ਤਇਨਾਤ ਏਐੱਸਆਈ ਬਖਸ਼ੀਸ਼ ਸਿੰਘ (40) ਦੀ ਅੱਜ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਖਸ਼ੀਸ਼ ਸਿੰਘ ਆਪਣੀ ਡਿਊਟੀ ’ਤੇ ਕੁਝ ਸਮਾਂ ਪਹਿਲਾਂ ਆ ਗਿਆ ਸੀ ਤੇ ਇਸ ਦੌਰਾਨ ਉਹ ਆਪਣੀ ਸਰਵਿਸ ਰਾਈਫਲ ਸਾਫ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਰਾਈਫਲ ’ਚੋਂ ਗੋਲੀ ਚੱਲ ਗਈ, ਜੋ ਉਸ ਦੀ ਗਰਦਨ ’ਚੋਂ ਲੰਘ ਕੇ ਸਿਰ ਦੇ ਆਰ-ਪਾਰ ਹੋ ਗਈ ਤੇ ਬਖਸ਼ੀਸ਼ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੌਰਾਨ ਬਖਸ਼ੀਸ਼ ਸਿੰਘ ਡਿਊਟੀ ’ਤੇ ਇਕੱਲਾ ਸੀ ਤੇ ਉਸ ਦੀ ਲਾਸ਼ ਕੋਲੋਂ ਸਰਵਿਸ ਰਾਈਫਲ ਅਤੇ ਕੁਝ ਕਾਰਤੂਸ ਜ਼ਮੀਨ ’ਤੇ ਡਿੱਗੇ ਪਏ ਮਿਲੇ ਹਨ। ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੋਸਟਮਾਰਟਮ ਲਈ ਲਾਸ਼ ਸਿਵਲ ਹਸਪਤਾਲ ਤਰਨ ਤਾਰਨ ਭੇਜ ਦਿੱਤੀ ਗਈ ਹੈ।