ਪੱਤਰ ਪ੍ਰੇਰਕ
ਨੂਰਪੁਰ ਬੇਦੀ/ਮੁਹਾਲੀ, 30 ਸਤੰਬਰ
ਵਿਜੀਲੈਂਸ ਬਿਊਰੋ ਨੇ ਅੱਜ ਪੰਜਾਬ ਪੁਲੀਸ ਦੇ ਇੱਕ ਏਐੱਸਆਈ ਨੂੰ ਰਿਸ਼ਵਤ ਲੈਂਦਿਆਂ ਰੰਗੀਂ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਫਲਾਇੰਗ ਸਕੁਐਡ-1 ਵਿਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣੇਦਾਰ ਵਿਰੁੱਧ ਇਹ ਕਾਰਵਾਈ ਬਰਜਿੰਦਰ ਸਿੰਘ ਵਾਸੀ ਪਿੰਡ ਮਟੌਰ, ਸ੍ਰੀ ਆਨੰਦਪੁਰ ਸਾਹਿਬ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਜੁਝਾਰ ਸਿੰਘ ਮੌਜੂਦਾ ਸਮੇਂ ਵਿੱਚ ਥਾਣਾ ਨੂਰਪੁਰ ਬੇਦੀ (ਰੂਪਨਗਰ) ਵਿਚ ਤਾਇਨਾਤ ਹੈ, ਜਿਸ ਨੂੰ ਸ਼ਿਕਾਇਤਕਰਤਾ ਕੋਲੋਂ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਬਰਜਿੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਦਫ਼ਤਰ ਵਿੱਚ ਸ਼ਿਕਾਇਤ ਦਿੱਤੀ ਕਿ ਇਕ ਪੁਲੀਸ ਕੇਸ ਵਿੱਚ ਜ਼ਬਤ ਕੀਤੀ ਉਸ ਦੀ ਗੱਡੀ ਦੀ ਸਬੰਧਤ ਥਾਣੇ ਤੋਂ ਸਪੁਰਦਾਰੀ ਲੈਣ ਬਦਲੇ ਏਐਸਆਈ ਜੁਝਾਰ ਸਿੰਘ ਉਸ ਕੋਲੋਂ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਥਾਣੇਦਾਰ ਪਹਿਲਾਂ ਹੀ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 5000 ਰੁਪਏ ਲੈ ਚੁੱਕਾ ਹੈ ਅਤੇ ਹੁਣ ਉਸ ਦੀ ਗੱਡੀ ਛੱਡਣ ਲਈ ਹੋਰ 5000 ਰੁਪਏ ਮੰਗ ਰਿਹਾ ਹੈ।