ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਅਕਤੂਬਰ
ਜੇਲ੍ਹਾਂ ਵਿੱਚ ਨਸ਼ਿਆਂ ਦੀ ਸਪਲਾਈ ’ਤੇ ਠੱਲ੍ਹ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਕੀਤੀ ਜਾ ਰਹੀ ਕਾਰਵਾਈ ਦੌਰਾਨ ਅੱਜ ਪਟਿਆਲਾ ਜੇਲ੍ਹ ਪ੍ਰਸ਼ਾਸਨ ਵੱਲੋਂ ਨਸ਼ੀਲੇ ਪਦਾਰਥਾਂ ਸਣੇ ਇੱਕ ਥਾਣੇਦਾਰ ਅਤੇ ਜੇਲ੍ਹ ਦੇ ਦੋ ਹੋਰ ਸੁਰੱਖਿਆ ਮੁਲਾਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਪੀਏਪੀ ਦਾ ਇਕ ਏਐੱਸਆਈ ਪਰਮਜੀਤ ਸਿੰਘ ਅਤੇ ਜੇਲ੍ਹ ਦੇ ਦੋ ਹੈੱਡ ਵਾਰਡਰ ਰਾਜੀਵ ਕੁਮਾਰ ਤੇ ਨਰੇਸ਼ ਕੁਮਾਰ ਸ਼ਾਮਲ ਹਨ।
ਪਟਿਆਲਾ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੀ ਅਗਵਾਈ ਹੇਠ ਕਾਬੂ ਕੀਤੇ ਇਨ੍ਹਾਂ ਮੁਲਜ਼ਮਾਂ ਵਿੱਚੋਂ ਏਐੱਸਆਈ ਦੇ ਕਬਜ਼ੇ ’ਚੋਂ ਤੰਬਾਕੂ, ਰਾਜੀਵ ਕੁਮਾਰ ਕੋਲੋਂ 16 ਬੀੜੀਆਂ ਤੇ 2 ਬਲੇਡ ਅਤੇ ਨਰੇਸ਼ ਕੁਮਾਰ ਕੋਲੋਂ 13 ਗ੍ਰਾਮ ਸੁਲਫ਼ਾ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਦਾ ਕੇਸ ਐੱਸਟੀਐੱਫ ਨੂੰ ਦਿੱਤਾ ਗਿਆ ਹੈ, ਜਦਕਿ ਦੂਜੇ ਦੋਵੇਂ ਮੁਲਜ਼ਮਾਂ ਦਾ ਕੇਸ ਥਾਣਾ ਤ੍ਰਿਪੜੀ ਦੀ ਪੁਲੀਸ ਨੂੰ ਸੌਂਪਿਆ ਗਿਆ ਹੈ। ਸੰਪਰਕ ਕਰਨ ’ਤੇ ਡੀਐੱਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਪੁਲੀਸ ਰਿਮਾਂਡ ਲੈਂਦਿਆਂ, ਬਾਰੀਕੀ ਨਾਲ ਪੁੱਛ-ਪੜਤਾਲ ਕੀਤੀ ਜਾਵੇਗੀ। ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਜੇਲ੍ਹ ਵਿੱਚ ਮੋਬਾਈਲ ਫੋਨ ਤੇ ਨਸ਼ੇ ਪਹੁੰਚਾਉਣ ਦੇ ਕੰਮ ਵਿੱਚ ਜੇਲ੍ਹ ਵਿਭਾਗ ਦੇ ਕੁਝ ਮੁਲਾਜ਼ਮਾਂ ਦੇ ਸ਼ਾਮਲ ਹੋਣ ਦੇ ਖਦਸ਼ੇ ਤਹਿਤ ਹੁਣ ਜੇਲ੍ਹਾਂ ਵਿੱਚ ਤਾਇਨਾਤ ਅਧਿਕਾਰੀਆਂ ਤੇ ਮੁਲਾਜ਼ਮਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲਿਆਂ ਨੂੰ ਬੇਪਰਦ ਕਰਨ ਲਈ ਉਹ ਖ਼ੁਦ ਵੀ ਲੁਕਵੀਂ ਪੜਤਾਲ ਕਰ ਰਹੇ ਹਨ। ਇਸ ਪੜਤਾਲ ਦੇ ਚੱਲਦੇ ਹੀ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਮੈਡੀਕਲ ਸੁਪਰਡੈਂਟ ਨੂੰ ਹੈਰੋਇਨ ਸਣੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਫਰੀਦਕੋਟ ਵਿੱਚ ਇੱਕ ਏਐੱਸਪੀ, ਬਠਿੰਡਾ ’ਚ ਇੱਕ ਮੈਡੀਕਲ ਸੁਪਰਡੈਂਟ ਅਤੇ ਦੋ ਡਿਪਟੀ ਸੁਪਰਡੈਂਟਾਂ ਸਣੇ ਫਿਰੋਜ਼ਪੁਰ ’ਚ ਇੱਕ ਡਾਕਟਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਜੇਲ੍ਹ ’ਚ 400 ਮੁਲਾਜ਼ਮਾਂ ਨੇ ਚਾਰ ਘੰਟੇ ਲਈ ਤਲਾਸ਼ੀ
ਪਟਿਆਲਾ ਜੇਲ੍ਹ ’ਚ ਅੱਜ ਜ਼ਿਲ੍ਹਾ ਪੁਲੀਸ ਅਤੇ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਨੇ ਸਾਂਝੀ ਕਾਰਵਾਈ ਦੌਰਾਨ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਜ਼ਿਲ੍ਹਾ ਪੁਲੀਸ ਦੇ ਸਾਢੇ ਤਿੰਨ ਸੌ ਮੁਲਾਜ਼ਮਾਂ ਸਮੇਤ ਕੁੱਲ 400 ਮੁਲਾਜ਼ਮਾਂ ਨੇ ਲਗਪਗ ਚਾਰ ਘੰਟੇ ਜੇਲ੍ਹ ਦੀ ਚਾਰਦੀਵਾਰੀ ਅੰਦਰ ਤਲਾਸ਼ੀ ਲਈ। ਇਸ ਦੌਰਾਨ ਤਿੰਨ ਮੋਬਾਈਲ ਫੋਨ ਤੇੇ ਇੱਕ ਸਿੰਮ ਕਾਰਡ ਬਰਾਮਦ ਕੀਤੇ ਗਏ ਹਨ।