ਚਰਨਜੀਤ ਭੁੱਲਰ
ਚੰਡੀਗੜ੍ਹ, 23 ਸਤੰਬਰ
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਸਵਾਂ ਫਾਰਮ ਹਾਊਸ ’ਤੇ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ਦੇ ਸਿਆਸੀ ਹਾਲਾਤਾਂ ’ਤੇ ਵਿਚਾਰ ਚਰਚਾ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਵਿੱਚ ਸ਼ਮੂਲੀਅਤ ਮਗਰੋਂ ਅਸ਼ਵਨੀ ਸ਼ਰਮਾ ਨਾਲ ਇਹ ਪਹਿਲੀ ਗੈਰਰਸਮੀ ਮੀਟਿੰਗ ਸੀ, ਜਿਸ ਵਿਚ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਸੁਭਾਸ਼ ਸ਼ਰਮਾ ਵੀ ਸ਼ਾਮਲ ਸਨ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁਲਾਕਾਤ ਮਗਰੋਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਤਜਰਬੇ ਦਾ ਭਾਜਪਾ ਲਾਹਾ ਲਵੇਗੀ ਅਤੇ ਅੱਜ ਅਮਰਿੰਦਰ ਸਿੰਘ ਨਾਲ ਸ਼ਿਸ਼ਟਾਚਾਰ ਦੇ ਨਾਤੇ ਮੁਲਾਕਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਪਾਰਟੀ ਦਫ਼ਤਰ ਆਉਣ ਦਾ ਸੱਦਾ ਦਿੱਤਾ ਗਿਆ ਹੈ ਅਤੇ ਜਲਦੀ ਅਮਰਿੰਦਰ ਸਿੰਘ ਜ਼ਿਲ੍ਹਿਆਂ ਦਾ ਦੌਰਾ ਵੀ ਕਰਨਗੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਨੇ 27 ਸਤੰਬਰ ਨੂੰ ਦੁਬਾਰਾ ਵਿਸ਼ੇਸ਼ ਇਜਲਾਸ ਬੁਲਾਇਆ ਹੈ ਅਤੇ ਇਸ ਲਈ ਬਹਾਨਾ ਪਰਾਲੀ ਤੇ ਬਿਜਲੀ ਦੇ ਮੁੱਦਿਆਂ ਦਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਦੋਵੇਂ ਮੁੱਦਿਆਂ ’ਤੇ ਸੈਸ਼ਨ ਵਿਚ ਚਰਚਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਸੈਸ਼ਨ ਬੁਲਾਇਆ ਹੈ।
ਅਸ਼ਵਨੀ ਸ਼ਰਮਾ ਨੇ ਅਮਨ ਅਰੋੜਾ ਨੂੰ ਵਿਦੇਸ਼ ਮੰਤਰਾਲੇ ਵੱਲੋਂ ਪ੍ਰਵਾਨਗੀ ਨਾ ਦੇਣ ਦੇ ਮੁੱਦੇ ’ਤੇ ਕਿਹਾ ਕਿ ਕੁਝ ਤਾਂ ਘਾਟ ਹੋਵੇਗੀ, ਜਿਸ ਕਰਕੇ ਪ੍ਰਵਾਨਗੀ ਨਹੀਂ ਮਿਲ ਸਕੀ। ਸ਼ਰਮਾ ਨੇ ਐੱਨਜੀਟੀ ਵੱਲੋਂ ਪੰਜਾਬ ਸਰਕਾਰ ਨੂੰ ਲਗਾਏ ਦੋ ਹਜ਼ਾਰ ਕਰੋੜ ਦੇ ਜੁਰਮਾਨੇ ਬਾਰੇ ਕਿਹਾ ਕਿ ਪੰਜਾਬ ਸਰਕਾਰ ਮਾਪਦੰਡਾਂ ਨੂੰ ਪੂਰੀ ਨਹੀਂ ਕਰ ਸਕੀ, ਜਿਸ ਕਰਕੇ ਜੁਰਮਾਨਾ ਲਾਇਆ ਗਿਆ ਹੈ।