ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਮਈ
ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਅਤੇ ਸੰਗਰੂਰ ਲੋਕ ਸਭਾ ਦੀ ਉਪ ਚੋਣ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨਾਲ ਮੁਲਾਕਾਤ ਕਰ ਕੇ ਪੰਜਾਬ ਦੀ ਮੌਜੂਦਾ ਰਾਜਨੀਤੀ, ਸਮਾਜਿਕ ਤੇ ਕਾਨੂੰਨ ਵਿਵਸਥਾ ਬਾਰੇ ਚਰਚਾ ਕੀਤੀ। ਸ੍ਰੀ ਸ਼ਰਮਾ ਨੇ ਕਿਹਾ ਕਿ ਭਾਜਪਾ ਨਗਰ ਨਿਗਮ ਚੋਣਾਂ ਅਤੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਕਤਲ, ਗੋਲੀ ਕਾਂਡ, ਲੁੱਟ-ਖੋਹ ਅਤੇ ਡਕੈਤੀ ਦੀਆਂ ਘਟਨਾਵਾਂ ਨਿੱਤ ਵਾਪਰ ਰਹੀਆਂ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਦੋ ਮਹੀਨੇ ਦੇ ਕਾਰਜਕਾਲ ਨੂੰ ਦੇਖ ਕੇ ਹੁਣ ਲੋਕ ਭਾਜਪਾ ਨੂੰ ਪੰਜਾਬ ਵਿੱਚ ਬਦਲ ਵਜੋਂ ਦੇਖ ਰਹੇ ਹਨ। ਆਉਣ ਵਾਲੀਆਂ ਮਿਉਂਸਿਪਲ ਚੋਣਾਂ ਵਿੱਚ ਭਾਜਪਾ ਹੀ ਪੰਜਾਬ ਵਿੱਚ ਇੱਕੋ-ਇੱਕ ਪਾਰਟੀ ਬਣ ਕੇ ਉਭਰੇਗੀ।