ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਅਗਸਤ
ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ’ਚ ਸਾਬਕਾ ਮੰਤਰੀ ਬਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਆਸ਼ੂ ਦਾ ਪੀਏ ਮੀਨੂੰ ਪੰਕਜ ਮਲਹੋਤਰਾ ਬੇਸ਼ਕ ਹਾਲੇ ਗ੍ਰਿਫ਼ਤਾਰ ਨਹੀਂ ਹੋਇਆ ਹੈ, ਪਰ ਉਸ ਦੇ ਨਾਂ ਦਰਜ ਮਿਲੀ ਕਰੋੜਾਂ ਰੁਪਏ ਦੀ ਜਾਇਦਾਦ ਕਾਰਨ ਆਸ਼ੂ ਮੁਸ਼ਕਲ ’ਚ ਫਸਦੇ ਨਜ਼ਰ ਆ ਰਹੇ ਹਨ। ਸਾਬਕਾ ਮੰਤਰੀ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਦੀਆਂ ਛੇ ਪ੍ਰਾਪਰਟੀਆਂ ਸਾਹਮਣੇ ਆਈਆਂ ਹਨ, ਜਿਸ ਮਗਰੋਂ ਵਿਜੀਲੈਂਸ ਨੇ ਸਾਰਾ ਰਿਕਾਰਡ ਵੀ ਨਗਰ ਨਿਗਮ ਤੋਂ ਇਕੱਠਾ ਕਰ ਲਿਆ ਹੈ। ਹੁਣ ਇਨ੍ਹਾਂ ਜਾਇਦਾਦਾਂ ਦਾ ਮੁੱਲ ਪਵਾਉਣ ਲਈ ਵਿਜੀਲੈਂਸ ਦੀ ਖਾਸ ਟੀਮ ਮੁਹਾਲੀ ਤੋਂ ਪੁੱਜੀ ਹੈ। ਟੀਮ ਵੱਲੋਂ ਜਵਾਹਰ ਨਗਰ ਸਥਿਤ ਮੀਨੂੰ ਪੰਕਜ ਮਲਹੋਤਰਾ ਦੇ ਘਰ ਵਿੱਚ ਜਾਂਚ ਕਰਨ ਸਣੇ ਉਸ ਦੇ ਪਰਿਵਾਰ ਮੈਂਬਰਾਂ ਤੋਂ ਵੀ ਪੁੱਛ-ਪੜਤਾਲ ਕੀਤੀ ਗਈ ਹੈ। ਇਸ ਤੋਂ ਇਲਾਵਾ ਟੀਮ ਨੇ ਜਵਾਹਰ ਨਗਰ ਇਲਾਕੇ ਦੇ ਬਾਜ਼ਾਰ ਵਿੱਚ ਵੀ ਪੁੱਛ-ਪੜਤਾਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੀਨੂੰ ਪੰਕਜ ਮਲਹੋਤਰਾ ਦੀਆਂ ਜਾਇਦਾਦਾਂ ਬਾਰੇ ਪਤਾ ਲੱਗਣ ਮਗਰੋਂ ਵਿਜੀਲੈਂਸ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ, ਜਿਸ ਮਗਰੋਂ ਇਹ ਤੈਅ ਕੀਤਾ ਗਿਆ ਕਿ ਜਾਇਦਾਦ ਦੀ ਕੀਮਤ ਚੈੱਕ ਕਰਵਾਈ ਜਾਵੇਗੀ। ਬੀਤੇ ਬੁੱਧਵਾਰ ਨੂੰ ਇਸ ਸਬੰਧੀ ਸਾਰੇ ਅੰਕੜੇ ਇਕੱਠੇ ਕੀਤੇ ਗਏ ਤੇ ਅੱਜ ਮੁਹਾਲੀ ਤੋਂ ਟੀਮ ਜਵਾਹਰ ਨਗਰ ਕੈਂਪ ਵਿੱਚ ਪਹੁੰਚੀ। ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਟੀਮ ਨੂੰ ਕਈ ਅਜਿਹੇ ਸਬੂਤ ਮਿਲੇ ਹਨ, ਜਿਸ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮੀਨੂੰ ਨੇ ਕੁੱਝ ਜਾਇਦਾਦ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੇ ਨਾਮ ’ਤੇ ਵੀ ਲਈ ਹੋਈ ਹੈ। ਟੀਮ ਵੱਲੋਂ ਅਜਿਹੀ ਕਿਸੇ ਵੀ ਜਾਇਦਾਦ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੀਨੂੰ ਦੀ ਭਾਲ ਵਿੱਚ ਛਾਪਾਮਾਰੀ ਵੀ ਲਗਾਤਾਰ ਜਾਰੀ ਹੈ।
ਅਦਾਲਤ ਨੇ ਤੇਲੂ ਰਾਮ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ
ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਠੇਕੇਦਾਰ ਤੇਲੂ ਰਾਮ ਨੂੰ ਵਿਜੀਲੈਂਸ ਦੀ ਟੀਮ ਨੇ ਅੱਜ ਦੋ ਦਿਨਾਂ ਦਾ ਰਿਮਾਂਡ ਖਤਮ ਹੋਣ ਮਗਰੋਂ ਮੁੜ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਸੁਮਿਤ ਮੱਕੜ ਨੇ ਤੇਲੂ ਰਾਮ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਹਾਲਾਂਕਿ ਵਿਜੀਲੈਂਸ ਦੀ ਟੀਮ ਨੇ ਅਦਾਲਤ ਤੋਂ ਤੇਲੂ ਰਾਮ ਦਾ ਹੋਰ ਦੋ ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਵਿਜੀਲੈਂਸ ਦੀ ਮੰਗ ਨੂੰ ਖਾਰਜ ਕਰਦਿਆਂ ਉਸ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।