ਆਤਿਸ਼ ਗੁਪਤਾ
ਚੰਡੀਗੜ੍ਹ, 23 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟੈਂਡਰ ਘੁਟਾਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕੀਤੇ ਜਾਣ ’ਤੇ ਕਿਹਾ ਕਿ ਆਸ਼ੂ ਨੂੰ ਕੋਈ ਸਿਆਸੀ ਬਦਲਾਖੋਰੀ ਤਹਿਤ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਵਿਜੀਲੈਂਸ ਕੋਲ ਆਸ਼ੂ ਖ਼ਿਲਾਫ਼ ਸਾਰੇ ਸਬੂਤ ਹਨ ਅਤੇ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਸੈਕਟਰ 35 ਵਿੱਚ 4358 ਸਿਪਾਹੀਆਂ ਨੂੰ ਨਿਯੁਕਤੀ ਪੱਤਰ ਦੇਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੇ ਵੇਲੇ ਹੋਏ ਘੁਟਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿੰਨਾ ਸਮਾਂ ਕਿਸੇ ਮੰਤਰੀ ਜਾਂ ਅਧਿਕਾਰੀ ਖ਼ਿਲਾਫ਼ ਸਬੂਤ ਨਹੀਂ ਮਿਲਦਾ ਓਨਾ ਸਮਾਂ ਪੰਜਾਬ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਸਬੂਤ ਮਿਲਣ ਤੋਂ ਬਾਅਦ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਪੁਲੀਸ ਵਿੱਚ ਨਵ-ਨਿਯੁਕਤ 4,358 ਸਿਪਾਹੀਆਂ ਨੂੰ ਨਿਯੁਕਤੀ ਪੱਤਰ ਚੰਡੀਗੜ੍ਹ ਦੇ ਸੈਕਟਰ-35 ਸਥਿਤ ਮਿਉਂਸਿਪਲ ਭਵਨ ਵਿੱਚ ਕਰਵਾਏ ਸਮਾਗਮ ਦੌਰਾਨ ਸੌਂਪੇ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਾਰੀ ਭਰਤੀ ਪ੍ਰਕਿਰਿਆ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਹੈ। ਸ੍ਰੀ ਮਾਨ ਨੇ ਕਿਹਾ ਕਿ ਪੁਲੀਸ ਵਿਭਾਗ ਵਿੱਚ ਖਾਲੀ ਪਈਆਂ 5,739 ਹੋਰ ਅਸਾਮੀਆਂ ’ਤੇ ਭਰਤੀ ਜਲਦੀ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜ ਮਹੀਨਿਆਂ ਵਿੱਚ ਹੀ 17,313 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ ਹਨ।