ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਅਗਸਤ
ਜੰਡਿਆਲਾ ਗੁਰੂ ਕੇਂਦਰ ਦੇ ਅੱਠ ਗੁਦਾਮਾਂ ਵਿੱਚੋਂ 20 ਕਰੋੜ ਦੀ ਕਣਕ ਗਾਇਬ ਹੋਣ ਦੇ ਮਾਮਲੇ ਵਿੱਚ ਭਾਵੇਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਾਰਵਾਈ ਕਰਦਿਆਂ ਦੋ ਉੱਚ ਅਫ਼ਸਰਾਂ ਤੇ ਫੂਡ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ ਪਰ ਇਸ ਘੁਟਾਲੇ ਨੇ ਵਿਰੋਧੀਆਂ ਨੂੰ ਇੱਕ ਵੱਡਾ ਮੁੱਦਾ ਦੇ ਦਿੱਤਾ ਹੈ। ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਆਪਣੀ ਰਿਹਾਇਸ਼ ’ਤੇ ਪੱਤਰਕਾਰ ਮਿਲਣੀ ਕਰ ਕੇ ਅਨਾਜ ਘੁਟਾਲੇ ਲਈ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜ਼ਿੰਮੇਵਾਰ ਦੱਸਿਆ ਤੇ ਮੁੱਖ ਮੰਤਰੀ ਤੋਂ ਮੰਤਰੀ ਆਸ਼ੂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਬਿਨਾਂ ਮੰਤਰੀ ਦੀ ਸ਼ਹਿ ਤੋਂ ਕਿਵੇਂ ਇੱਕ ਇੰਸਪੈਕਟਰ ਤਿੰਨ ਸਾਲਾਂ ਵਿੱਚ 20 ਕਰੋੜ ਰੁਪਏ ਦੀ ਕਣਕ ਗਾਇਬ ਕਰ ਗਿਆ, ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।