ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਨਵੰਬਰ
ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਦੇ ਸੀਟੂ ਨਾਲ ਸਬੰਧਤ ਧੜੇ ਵੱਲੋਂ ਆਪਣੀਆਂ ਲਟਕਦੀਆਂ ਮੰਗਾਂ ਸਬੰਧੀ ਅੱਜ ਇੱਥੇ ਉਪ ਮੁੱਖ ਮੰਤਰੀ ਓਪੀ ਸੋਨੀ ਦੇ ਘਰ ਨੇੜੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਤਹਿਸੀਲਦਾਰ ਵੱਲੋਂ ਮੰਗ ਪੱਤਰ ਲੈਣ ਅਤੇ ਭਲਕੇ 23 ਨਵੰਬਰ ਨੂੰ ਉਪ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦੇ ਭਰੋਸੇ ਮਗਰੋਂ ਧਰਨਾ ਖ਼ਤਮ ਕਰ ਦਿੱਤਾ ਗਿਆ।
ਪ੍ਰਦਰਸ਼ਨਕਾਰੀ ਆਸ਼ਾ ਵਰਕਰ ਪਹਿਲਾਂ ਸਥਾਨਕ ਨਹਿਰ ਦੇ ਦਫ਼ਤਰ ਨੇੜੇ ਇਕੱਠੀਆਂ ਹੋਈਆਂ ਜਿੱਥੇ ਉਨ੍ਹਾਂ ਜਥੇਬੰਦੀ ਦੀ ਪ੍ਰਧਾਨ ਸਰੋਜ ਬਾਲਾ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਜਿਸ ਨੂੰ ਜਨਰਲ ਸਕੱਤਰ ਸੁਰਜੀਤ ਕੌਰ ਤੇ ਹੋਰਨਾਂ ਨੇ ਸੰਬੋਧਨ ਕੀਤਾ। ਰੈਲੀ ਮਗਰੋਂ ਸੀਟੂ ਦੇ ਸੂਬਾਈ ਆਗੂ ਸੁੱਚਾ ਸਿੰਘ ਅਜਨਾਲਾ ਤੇ ਹੋਰਨਾਂ ਦੀ ਅਗਵਾਈ ਹੇਠ ਮੁਜ਼ਾਹਰਾਕਾਰੀ ਆਸ਼ਾ ਵਰਕਰਾਂ ਮਾਰਚ ਕਰਦਿਆਂ ਸ੍ਰੀ ਸੋਨੀ ਦੀ ਰਿਹਾਇਸ਼ ਨੇੜੇ ਪੁੱਜੀਆਂ ਜਿੱਥੇ ਪੁਲੀਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵੇਂ ਪਾਸੇ ਹਲਕੀ ਖਿੱਚ-ਧੂਹ ਵੀ ਹੋਈ। ਇਸ ਉਪਰੰਤ ਪ੍ਰਦਰਸ਼ਨਕਾਰੀ ਇੱਥੇ ਹੀ ਧਰਨਾ ਲਾ ਕੇ ਬੈਠ ਗਏ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਸ੍ਰੀ ਅਜਨਾਲਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਾਇਜ਼ ਮੰਗਾਂ ਨੂੰ ਮੰਨ ਕੇ ਪੂਰਾ ਕਰਨ ਲਈ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਆਗੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਲਕੇ 23 ਨਵੰਬਰ ਦੀ ਮੀਟਿੰਗ ਵਿੱਚ ਸਰਕਾਰ ਨੇ ਆਸ਼ਾ ਵਰਕਰਾਂ ਦੀਆਂ ਮੰਗਾਂ ਬਾਰੇ ਠੋਸ ਫ਼ੈਸਲਾ ਨਾ ਲਿਆ ਤਾਂ ਆਉਣ ਵਾਲੀਆਂ ਚੋਣਾਂ ਵੇਲੇ ਆਸ਼ਾ ਵਰਕਰਾਂ ਇਸ ਦਾ ਢੁੱਕਵਾਂ ਜਵਾਬ ਦੇਣਗੀਆਂ।
ਇਸ ਦੌਰਾਨ ਡੀਸੀਪੀ ਹਰਜੀਤ ਸਿੰਘ ਅਤੇ ਤਹਿਸੀਲਦਾਰ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਮਗਰੋਂ ਉਪ ਮੁੱਖ ਮੰਤਰੀ ਓ ਪੀ ਸੋਨੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਮੁਜ਼ਾਹਰਾਕਾਰੀਆਂ ਨਾਲ ਭਲਕੇ 23 ਨਵੰਬਰ ਨੂੰ ਮੀਟਿੰਗ ਲਈ ਸੱਦਾ ਦਿੱਤਾ। ਮੁਜ਼ਾਹਰਾਕਾਰੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਲਟਕਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਤਨਖ਼ਾਹਾਂ ਵਿੱਚ ਵਾਧਾ ਕੀਤਾ ਜਾਵੇ, ਉਨ੍ਹਾਂ ਨੂੰ ਵੀ ਘੱਟੋ-ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ ਅਤੇ ਇਨਸੈਂਟਿਵ ਵਿੱਚ ਵਾਧਾ ਕੀਤਾ ਜਾਵੇ। ਦੱਸਣਯੋਗ ਹੈ ਕਿ ਬੀਤੇ ਦਿਨ ਵੀ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੇ ਇੱਕ ਧੜੇ ਵੱਲੋਂ ਮੰਗਾਂ ਸਬੰਧੀ ਧਰਨਾ ਦਿੱਤਾ ਗਿਆ ਸੀ।