ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 23 ਜੂਨ
ਇਥੇ ਆਸ਼ਾ ਵਰਕਰ ਯੂਨੀਅਨ ਪੰਜਾਬ ਦੀ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਅਗਵਾਈ ਵਿੱਚ ਅੱਜ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਵਿੱਚ ਮੰਗਾ ਸਬੰਧੀ ਇਕ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਥਾਣਾ ਫਤਹਿਗੜ੍ਹ ਸਾਹਿਬ ਦੇ ਸਬ-ਇੰਸਪੈਕਟਰ ਹਰਮਿੰਦਰ ਸਿੰਘ ਨੇ ਮੌਕੇ ਉਪਰ ਪਹੁੰਚ ਕੇ ਵਰਕਰਾਂ ਵੱਲੋਂ ਦਿੱਤੇ ਜਾ ਰਹੇ ਸ਼ਾਂਤਮਈ ਧਰਨੇ ਨੂੰ ਜਬਰੀ ਚੁਕਵਾ ਦਿੱਤਾ, ਜਿਸ ਕਾਰਨ ਆਸ਼ਾ ਵਰਕਰਾਂ ਵਿੱਚ ਰੋਸ ਦੀ ਲਹਿਰ ਹੈ। ਸਬ ਇੰਸਪੈਕਟਰ ਨੇ ਕਿਹਾ ਕਿ ਇਹ ਧਰਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਲਏ ਬਗੈਰ ਕੀਤਾ ਜਾ ਰਿਹਾ ਸੀ ਜੋ ਕਿ ਗੈਰ ਕਾਨੂੰਨੀ ਹੈ। ਉੱਧਰ ਸ੍ਰੀਮਤੀ ਪੰਜੋਲਾ ਨੇ ਪੁਲੀਸ ਦੀ ਉਕਤ ਕਾਰਵਾਈ ਨੂੰ ਜ਼ਬਰ ਦਾ ਨਾਮ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਵਰਕਰ ਆਪਣੀਆਂ ਮੰਗਾ ਸਬੰਧੀ ਧਰਨਾ ਵੀ ਨਹੀਂ ਦੇ ਸਕਦੇ। ਉਨ੍ਹਾਂ ਸਪਸ਼ਟ ਕੀਤਾ ਕਿ ਉਹ 10-15 ਆਸ਼ਾ ਵਰਕਰਾਂ ਨਾਲ ਕੇਵਲ ਮੰਗ ਪੱਤਰ ਦੇਣ ਲਈ ਹੀ ਆਈਆਂ ਸਨ ਪਰ ਇਸ ਦੌਰਾਨ ਪ੍ਰੇਸ਼ਾਨ ਵਰਕਰਾਂ ਵਧੇਰੇ ਗਿਣਤੀ ਵਿੱਚ ਪਹੁੰਚ ਗਈਆਂ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਆਸ਼ਾ ਵਰਕਰਾਂ ਵੱਲੋਂ ਬਕਾਇਦਾ ਸੋਸ਼ਲ ਦੂਰੀ ਦਾ ਖ਼ਿਆਲ ਰੱਖਿਆ ਗਿਆ। ਇਸ ਉਪਰੰਤ ਡਾ. ਜਗਦੀਸ਼ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਾ. ਕੁਲਦੀਪ ਸਿੰਘ ਐੱਸ. ਐੱਮ. ਓ. ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।