ਸੰਜੀਵ ਬੱਬੀ
ਚਮਕੌਰ ਸਾਹਿਬ, 8 ਅਗਸਤ
ਆਸ਼ਾ ਫੈਸਲੀਟੇਟਰ ਵਰਕਰ ਯੂਨੀਅਨ ਸੀਟੂ ਤੇ ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਸੀਟੂ ਵੱਲੋਂ ਸਕੀਮ ਵਰਕਰਾਂ ਦੀ ਦੋ ਰੋਜ਼ਾ ਹੜਤਾਲ ਨੂੰ ਮੁੱਖ ਰੱਖਦੇ ਹੋਏ ਯੂਨੀਅਨ ਦੇ ਬਲਾਕ ਪ੍ਰਧਾਨਾਂ ਅਵਤਾਰ ਕੌਰ ਅਤੇ ਜਗਦੀਸ਼ ਸਿੰਘ ਜਿੰਦਰ ਦੀ ਪ੍ਰਧਾਨਗੀ ਹੇਠ ਸਰਕਾਰ ਹਸਪਤਾਲ ਅੱਗੇ ਰੋਸ ਰੈਲੀ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ ਕਰੋਨਾ ਖਿਲਾਫ਼ ਲੜ ਰਹੇ ਸਕੀਮ ਵਰਕਰ ਖਾਸਕਰ ਆਸ਼ਾ ਵਰਕਰਾਂ ਨੂੰ ਸਵਾਏ ਫੁੱਲਾਂ ਦੇ ਹਾਰਾਂ ਤੋਂ ਹੋਰ ਕੋਈ ਸਰਕਾਰ ਵੱਲੋਂ ਆਰਥਿਕ ਸਹਾਇਤਾ ਨਾ ਦੇਣਾ ਸਰਕਾਰ ਦੀ ਦੋਗਲੀ ਨੀਤੀ ਨੂੰ ਜੱਗ ਜ਼ਾਹਰ ਕਰਦੀ ਹੈ ਅਤੇ ਪੇਂਡੂ ਚੌਕੀਦਾਰ ਜੋ ਇਸ ਸਿਸਟਮ ਦੀ ਨੀਂਹ ਹਨ, ਊਨ੍ਹਾਂ ਨੂੰ ਵੀ ਸਰਕਾਰਾਂ ਵੱਲੋਂ ਅਣਗੋਲੇ ਕਰਨਾ ਚੌਕੀਦਾਰਾਂ ਨਾਲ ਅਣਮਨੁੱਖੀ ਵਿਵਹਾਰ ਦੇ ਬਰਾਬਰ ਹੈ। ਸ੍ਰੀ ਬਾਗੀ ਨੇ ਕਿਹਾ ਕਿ 9 ਅਗਸਤ ਨੂੰ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਜ਼ਿਲ੍ਹਾ ਪੱਧਰ ’ਤੇ ਆਪਣੇ-ਆਪ ਨੂੰ ਗ੍ਰਿਫ਼ਤਾਰੀਆਂ ਲਈ ਸਰਕਾਰ ਅੱਗੇ ਪੇਸ਼ ਕੀਤਾ ਜਾਵੇਗਾ।