ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਜਨਵਰੀ
ਭਾਜਪਾ ਵੱਲੋਂ ਸਿੱਖ ਚਿਹਰਿਆਂ ਨੂੰ ਪਾਰਟੀ ’ਚ ਸ਼ਾਮਲ ਕਰਨ ਦਾ ਰੁਝਾਨ ਬੇਰੋਕ ਜਾਰੀ ਹੈ। ਭਾਜਪਾ ਨੇ ਅੱਜ ਸੰਗਰੂਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਕੰਵਰਵੀਰ ਸਿੰਘ ਟੌਹੜਾ ਅਤੇ ਲੁਧਿਆਣਾ ਤੋਂ ਯੂਥ ਅਕਾਲੀ ਆਗੂ ਗੁਰਦੀਪ ਗੋਸ਼ਾ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ। ਭਾਜਪਾ ਦੇ ਪੰਜਾਬ ਚੋਣ ਇੰਚਾਰਜ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਜਵੀਜ਼ਤ ਫ਼ਿਰੋਜ਼ਪੁਰ ਰੈਲੀ ਦਾ ਨਾ ਹੋਣਾ ਅਫਸੋਸਨਾਕ ਸੀ। ਉਨ੍ਹਾਂ ਕਿਹਾ ਕਿ 5 ਜਨਵਰੀ ਲਈ ਤਜਵੀਜ਼ਤ ਇਸ ਰੈਲੀ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਾਮਲ ਹੋਣਾ ਸੀ ਤੇ ਇਸ ਲਈ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਤੋਂ ਵੀ ਬੱਸਾਂ ਮੰਗਵਾਉਣੀਆਂ ਪਈਆਂ ਸਨ। ਉਨ੍ਹਾਂ ਕਿਹਾ ਕਿ ਖ਼ਰਾਬ ਮੌਸਮ ਦੇ ਬਾਵਜੂਦ ਲੱਖਾਂ ਲੋਕ ਰੈਲੀ ਲਈ ਘਰੋਂ ਬਾਹਰ ਨਿਕਲੇ, ਪਰ ਰਾਜਸੀ ਕਾਰਕੁਨਾਂ, ਪੁਲੀਸ ਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦੀ ਯਾਦਗਾਰ ’ਤੇ ਵੀ ਨਹੀਂ ਜਾਣ ਦਿੱਤਾ ਗਿਆ ਤੇ ਪੰਜਾਬ ਨੂੰ ਕਰੋੜਾਂ ਰੁਪਏ ਦੀਆਂ ਯੋਜਨਾਵਾਂ ਤੋਂ ਮਹਿਰੂਮ ਕਰ ਦਿੱਤਾ ਗਿਆ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਲੈ ਕੇ ਫ਼ਿਕਰਮੰਦ ਹੈ। ਉਕਤ ਸਿੱਖ ਆਗੂਆਂ ਦੀ ਭਾਜਪਾ ’ਚ ਸ਼ਮੂਲੀਅਤ ਪਿੱਛੇ ਮਨਜਿੰਦਰ ਸਿੰਘ ਸਿਰਸਾ ਦੀ ਵੀ ਅਹਿਮ ਭੂਮਿਕਾ ਦੱਸੀ ਜਾ ਰਹੀ ਹੈ।
ਭਾਜਪਾ ਵਿੱਚ ਸ਼ਾਮਲ ਹੋਏ ਅਰਵਿੰਦ ਖੰਨਾ ਕਾਂਗਰਸ ਦੀ ਟਿਕਟ ’ਤੇ ਦੋ ਵਾਰ ਸੰਗਰੂਰ ਤੋਂ ਵਿਧਾਇਕ ਰਹਿ ਚੁੱਕੇ ਹਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ। ਭਾਜਪਾ ਵਿੱਚ ਸ਼ਾਮਲ ਹੋਏ ਕਰਨਵੀਰ ਟੌਹੜਾ ਦੇ ਨਾਨਾ ਗੁਰਚਰਨ ਸਿੰਘ ਟੌਹੜਾ ਪੰਜਾਬ ਦੇ ਸਿਆਸੀ ਆਗੂ ਰਹੇ ਹਨ। ਉਹ 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਰਹੇ। ਹਰਮੇਲ ਸਿੰਘ ਟੌਹੜਾ ਵੀ ਅਕਾਲੀ ਸਿਆਸਤ ਦਾ ਚਰਚਿਤ ਚਿਹਰਾ ਰਹੇ ਹਨ।
ਭਾਜਪਾ ਵੱਲੋਂ ਪੰਥਕ ਪਰਿਵਾਰ ’ਚ ਸੰਨ੍ਹ
ਪਟਿਆਲਾ (ਸਰਬਜੀਤ ਸਿੰਘ ਭੰਗੂ): ਸਿੱਖ ਚਿਹਰਿਆਂ ਨੂੰ ਨਾਲ ਰਲਾਉਣ ਦੀ ਕੜੀ ਵਜੋਂ ਭਾਜਪਾ ਅੱਜ ਪੰਜਾਬ ਦੇ ਪ੍ਰਮੁੱਖ ਪੰਥਕ ਪਰਿਵਾਰ ’ਚ ਸੰਨ੍ਹ ਲਾਉਣ ’ਚ ਸਫਲ ਹੋ ਗਈ ਹੈ। ਪੰਥ ਰਤਨ ਮਰਹੂਮ ਗੁਰਚਰਨ ਸਿੰਘ ਟੌਹੜਾ ਦਾ ਛੋਟਾ ਦੋਹਤਾ ਕੰਵਰਵੀਰ ਸਿੰਘ ਟੌਹੜਾ ਆਪਣੀ ਪਤਨੀ ਅਤੇ ਫਿਲਮ ਅਦਾਕਾਰਾ ਮਹਿਰੀਨ ਕਾਲੇਕਾ ਸਣੇ ਅੱਜ ਨਵੀਂ ਦਿੱਲੀ ’ਚ ਇਕ ਸਮਾਗਮ ਦੌਰਾਨ ਭਾਜਪਾ ’ਚ ਸ਼ਾਮਲ ਹੋ ਗਿਆ ਹੈ। ਕੰਵਰਵੀਰ ਸਾਬਕਾ ਅਕਾਲੀ ਮੰਤਰੀ ਹਰਮੇਲ ਸਿੰਘ ਟੌਹੜਾ ਅਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰ ਅਤੇ ਮਰਹੂਮ ਟੌਹੜਾ ਦੀ ਧੀ ਬੀਬੀ ਕੁਲਦੀਪ ਕੌਰ ਟੌਹੜਾ ਦਾ ਛੋਟਾ ਪੁੱਤਰ ਹੈ। ਐੱਮਬੀਏ ਅਤੇ ਕੰਪਿਊਟਰ ਇੰਜਨੀਅਰ ਕੰਵਰਵੀਰ ਟੌਹੜਾ ‘ਟੌਹੜਾ ਮੈਮੋਰੀਅਲ ਟਰੱਸਟ’ ਦਾ ਪ੍ਰਧਾਨ ਵੀ ਹੈ। ਡੇਢ ਕੁ ਮਹੀਨਾ ਪਹਿਲਾਂ ਉਸ ਦਾ ਵਿਆਹ ਫਿਲਮ ਅਦਾਕਾਰਾ ਮਹਿਰੀਨ ਕਾਲੇਕਾ ਨਾਲ ਹੋਇਆ ਹੈ। ਮਹਿਰੀਨ ਟਕਸਾਲੀ ਅਕਾਲੀ ਆਗੂ ਬੇਅੰਤ ਕੌਰ ਚਹਿਲ ਦੀ ਧੀ ਹੈ। ਉਂਜ ਕੰਵਰਵੀਰ ਟੌਹੜਾ ਦੀ ਹੁਣ ਤੱਕ ਅਕਾਲੀ ਦਲ ਵਿੱਚ ਕੋਈ ਸਰਗਰਮੀ ਨਹੀਂ ਸੀ। ਇਸ ਤਰ੍ਹਾਂ ਉਸ ਨੇ ਭਾਜਪਾ ਦਾ ਹੱਥ ਫੜ ਕੇ ਰਾਜਨੀਤੀ ਦੇ ਖੇਤਰ ’ਚ ਪੈਰ ਧਰਿਆ ਹੈ। ਭਾਜਪਾ ’ਚ ਸ਼ਾਮਲ ਹੋਣ ਮਗਰੋਂ ਪਟਿਆਲਾ ਪਰਤੇ ਕੰਵਰਵੀਰ ਨੇ ਦੱਸਿਆ ਕਿ ਇਹ ਪਰਿਵਾਰ ਦਾ ਨਹੀਂ, ਬਲਕਿ ਉਨ੍ਹਾਂ ਦੋਵਾਂ ਜੀਆਂ ਦਾ ਨਿੱਜੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਿੱਖ ਵਿਰੋਧੀ ਨਹੀਂ ਹੈ, ਬਲਕਿ ਇਸ ਨੇ ਕਈ ਅਹਿਮ ਤੇ ਸਿੱਖ ਪੱਖੀ ਫੈਸਲੇ ਲਏ ਹਨ। ਦਿੱਲੀ ਦੰਗਿਆਂ ਸਬੰਧੀ ਸੱਜਣ ਕੁਮਾਰ ਖ਼ਿਲਾਫ਼ ਕਾਰਵਾਈ ਦਾ ਸਿਹਰਾ ਵੀ ਉਨ੍ਹਾਂ ਭਾਜਪਾ ਨੂੰ ਦਿੱਤਾ। ਕੰਵਰਵੀਰ ਨੇ ਅਕਾਲੀ ਦਲ ਦੇ ਹਾਕਮਾਂ ’ਤੇ ਸਿੱਖ ਕੌਮ ਦਾ ਵਧੇਰੇ ਨੁਕਸਾਨ ਕਰਨ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਅਕਾਲੀ ਦਲ ਨੂੰ ਨਿੱਜੀ ਵਿਰਾਸਤ ਬਣਾ ਕੇ ਰੱਖ ਦਿੱਤਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਇੱਕੋ ਪਰਿਵਾਰ ’ਚ ਦੋ-ਦੋ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ, ਪਰ ਦੂਜੇ ਪਾਸੇ ਪੰਥਕ ਪਰਿਵਾਰਾਂ ਨੂੰ ਰੋਲ਼ਿਆ ਜਾ ਰਿਹਾ ਹੈ। ਕੰਵਰਵੀਰ ਨੇ ਕਿਹਾ ਕਿ ਉਹ ਭਾਜਪਾ ’ਚ ਰਹਿ ਕੇ ਬਕਾਇਆ ਸਿੱਖ ਅਤੇ ਪੰਥਕ ਮਸਲਿਆਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਦਾ ਹੁਕਮ ਹੋਇਆ ਤਾਂ ਉਹ ਚੋਣ ਲੜਨਗੇ।
ਫ਼ੈਸਲੇ ਨਾਲ ਪਰਿਵਾਰ ਦਾ ਕੋਈ ਸਰੋਕਾਰ ਨਹੀਂ: ਹਰਿੰਦਰਪਾਲ
ਕੁਲਦੀਪ ਕੌਰ ਟੌਹੜਾ ਦੇ ਵੱਡੇ ਪੁੱਤਰ ਹਰਿੰਦਰਪਾਲ ਟੌਹੜਾ ਨੇ ਕਿਹਾ ਕਿ ਕੰਵਰਵੀਰ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਦੇ ਫੈਸਲੇ ਨਾਲ਼ ਪਰਿਵਾਰ ਦਾ ਕੋਈ ਸਰੋਕਾਰ ਨਹੀਂ ਹੈ। ਇਹ ਉਸ ਦਾ ਨਿੱਜੀ ਫੈਸਲਾ ਹੈ। ਉਧਰ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ (ਸਾਬਕਾ ਸਰਪੰਚ) ਨੇ ਕਿਹਾ ਕਿ ਇਸ ਮਾਮਲੇ ’ਚ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦਾ ਨਾਮ ਵਰਤਣਾ ਗੈਰਵਾਜਬ ਹੈ। ਉਨ੍ਹਾਂ ਕਿਹਾ ਕਿ ਕੰਵਰਵੀਰ ਸਿੰਘ ਦੋਹਤਾ ਹੋਣ ਨਾਤੇ ਸ੍ਰੀ ਟੌਹੜਾ ਦੀ ਜਾਇਦਾਦ ਦਾ ਵਾਰਿਸ ਜ਼ਰੂਰ ਹੋ ਸਕਦਾ ਹੈ, ਪਰ ਉਨ੍ਹਾਂ ਦਾ ਅਸਲੀ ਵਾਰਸ ਪੰਥ ਹੈ ਤੇ ਪੰਥਕ ਵਿਚਾਰਧਾਰਾ ’ਚ ਪ੍ਰਪੱਕ ਲੋਕ ਹਨ।