ਵਿਭਾ ਸ਼ਰਮਾ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀ ਦਿੱਲੀ, 12 ਅਕਤੂਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਅਰੂਸਾ ਆਲਮ ਬਾਰੇ ਬੀਤੇ ਦਿਨ ਦਿੱਤੇ ਗਏ ਬਿਆਨ ਕਿ ਪੰਜਾਬ ਵਿੱਚ ਕਿਸੇ ਵੀ ਅਧਿਕਾਰੀ ਦੀ ਨਿਯੁਕਤੀ ਅਰੂਸਾ ਨੂੰ ‘ਪੈਸੇ ਜਾਂ ਤੋਹਫਾ’ ਦਿੱਤੇ ਬਿਨਾਂ ਨਹੀਂ ਹੁੰਦੀ ਸੀ ਤੇ ‘ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਜਾਣਕਾਰੀ ਸੀ ਤੇ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ’, ਬਾਰੇ ਪ੍ਰਤੀਕਰਮ ਦਿੰਦਿਆਂ ਭਾਜਪਾ ਨੇ ਬੀਬੀ ਨਵਜੋਤ ਕੌਰ ਨੂੰ ਘੇਰਦਿਆਂ ਕਈ ਸਵਾਲ ਖੜ੍ਹੇ ਕੀਤੇ ਹਨ।। ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਬੀਬੀ ਨਵਜੋਤ ਕੌਰ ਨੂੰ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ 58 ਮਹੀਨੇ ਪੰਜਾਬ ਦੇ ਮੁੱਖ ਮੰਤਰੀ ਰਹੇ ਤਾਂ ਉਸ ਸਮੇਂ ਦੌਰਾਨ ਉਹ ਖਾਮੌਸ਼ ਕਿਉਂ ਰਹੀ। ਉਨ੍ਹਾਂ ਕਿਹਾ ਕਿ ਦੋਗਲੀ ਨੀਤੀ ਅਪਣਾਉਣਾ ਸਿੱਧੂ ਜੋੜੇ ਦੀ ਪੁਰਾਣੀ ਆਦਤ ਹੈ। ਉਨ੍ਹਾਂ ਕਿਹਾ ਕਿ 2007 ਤੋਂ 2017 ਤੱਕ ਨਵਜੋਤ ਕੌਰ ਨੇ ਅਕਾਲੀ-ਭਾਜਪਾ ਸਰਕਾਰ ਦੌਰਾਨ ਸਰਕਾਰੀ ਸਹੂਲਤਾਂ ਦਾ ਲਾਭ ਲਿਆ ਤੇ ਬੀਤੇ 58 ਮਹੀਨਿਆਂ ਵਿੱਚ ਉਸ ਨੇ ਕੈਪਟਨ ਸਰਕਾਰ ਦੇ ਗੁਣ ਗਾਏ ਤੇ ਹੁਣ ਭਾਜਪਾ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਜਵਾਬ ਮੰਗੇ ਜਾ ਰਹੇ ਹਨ।