ਪੱਤਰ ਪ੍ਰੇਰਕ
ਪਠਾਨਕੋਟ, 9 ਫਰਵਰੀ
ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਦੀ ਉਚਾਈ ਵਾਲੇ ਹਿੱਸੇ ਵਿੱਚ ਬਰਫ਼ ਦਾ ਤੋਦਾ ਖਿਸਕਣ ਕਾਰਨ ਸ਼ਹੀਦ ਹੋਏ ਸੱਤ ਜਵਾਨਾਂ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਚੱਕੜ ਪਿੰਡ ਦਾ ਅਕਸ਼ੈ ਪਠਾਨੀਆ (24) ਵੀ ਸ਼ਾਮਲ ਸੀ। ਉਹ 19 ਜੈਕ ਰਾਈਫਲਜ਼ ਵਿੱਚ ਰਾਈਫਲਮੈਨ ਵਜੋਂ ਤਾਇਨਾਤ ਸੀ। ਅਕਸ਼ੈ ਪਠਾਨੀਆ ਦੀ ਸ਼ਹਾਦਤ ਦੀ ਖ਼ਬਰ ਪੁੱਜੀ ਤਾਂ ਪੂਰੇ ਪਿੰਡ ਵਿੱਚ ਸੋਗ ਪੈ ਗਿਆ। ਜਾਣਕਾਰੀ ਅਨੁਸਾਰ ਅਕਸ਼ੈ ਪਠਾਨੀਆ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ ਅਤੇ ਦੇਸ਼ ਦੀ ਸੇਵਾ ਲਈ 2016 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਸ਼ਹੀਦ ਦੇ ਪਿਤਾ ਸਾਗਰ ਸਿੰਘ ਪਠਾਨੀਆ ਨੇ ਕਿਹਾ ਕਿ ਉਨ੍ਹਾਂ ਨੂੰ ਪੁੱਤ ਦੀ ਮੌਤ ਦਾ ਦੁੱਖ ਹੈ ਪਰ ਉਸ ਦੀ ਸ਼ਹਾਦਤ ’ਤੇ ਮਾਣ ਵੀ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਦੀ ਦੇਹ ਭਲਕੇ ਪਿੰਡ ਚੱਕੜ ਪਹੁੰਚੇਗੀ।