ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਮਾਰਚ
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਅੱਜ ਵਿਭਾਗ ਵਿੱਚ ਪੋਸ਼ਣ ਅਭਿਆਨ ਅਧੀਨ ਭਰਤੀ ਕੀਤੇ 76 ਮੁਲਾਜ਼ਮਾਂ ਨੂੰ ਪੰਜਾਬ ਭਵਨ ਵਿੱਚ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਮੁਬਾਰਕਬਾਦ ਦਿੱਤੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਕੰਸਲਟੈਂਟ, ਪ੍ਰਾਜੈਕਟ ਐਸੋਸੀਏਟ, ਜ਼ਿਲ੍ਹਾ ਕੋਆਰਡੀਨੇਟਰ ਅਤੇ ਬਲਾਕ ਕੋਆਰਡੀਨੇਟਰ ਦੀਆਂ ਕੁੱਲ 184 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਪਹਿਲੇ ਗੇੜ ਵਿੱਚ ਸਫ਼ਲ ਹੋਏ 76 ਬਿਨੈਕਾਰਾਂ ਨੂੰ ਅੱਜ ਨਿਯੁਕਤੀ ਪੱਤਰ ਵੰਡੇ ਗਏ ਹਨ, ਜਿਨ੍ਹਾਂ ਵਿੱਚ 2 ਕੰਸਲਟੈਂਟ, 2 ਪ੍ਰਾਜੈਕਟ ਐਸੋਸੀਏਟ, 14 ਜ਼ਿਲ੍ਹਾ ਕੋਆਰਡੀਨੇਟਰ ਅਤੇ 58 ਬਲਾਕ ਕੋਆਰਡੀਨੇਟਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਾਕੀ ਉਮੀਦਵਾਰਾਂ ਦੀ ਭਰਤੀ ਪ੍ਰਕਿਰਿਆ ਛੇਤੀ ਮੁਕੰਮਲ ਕਰ ਲਈ ਜਾਵੇਗੀ।