ਜੋਗਿੰਦਰ ਮਾਨ/ਲਖਵੀਰ ਸਿੰਘ ਚੀਮਾ
ਮਾਨਸਾ/ਟੱਲੇਵਾਲ, 5 ਸਤੰਬਰ
ਅਧਿਆਪਕ ਦਿਵਸ ਮੌਕੇ ਅੱਜ ਦਿੱਲੀ ਦੇ ਵਿਗਿਆਨ ਭਵਨ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਦੇ ਪ੍ਰਿੰਸੀਪਲ ਡਾ. ਅਰੁਣ ਗਰਗ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਦੇ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਦੀਵਾਨਾ ਦਾ ਕੌਮੀ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਹ ਐਵਾਰਡ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਪੁਰਸਕਾਰ ਪ੍ਰਾਪਤ ਅਧਿਆਪਕਾਂ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਮਾਨਸਾ ਦੇ ਸਨਮਾਨ ਹਾਸਲ ਕਰਨ ਵਾਲੇ ਪ੍ਰਿੰਸੀਪਲ ਡਾ. ਅਰੁਣ ਕੁਮਾਰ ਗਰਗ ਗਣਿਤ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਮਾਲਤੀ ਗਿਆਨ ਪੀਠ ਸਨਮਾਨ ਵੀ ਹਾਸਲ ਹੈ। ਉਨ੍ਹਾਂ ਪੀਈਐੱਸ-1 ਦੀ ਪ੍ਰੀਖਿਆ ਵਿਚੋਂ ਪੰਜਾਬ ਭਰ ’ਚੋਂ ਮਾਅਰਕਾ ਮਾਰਿਆ ਸੀ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਦੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਡਾ. ਅਰੁਣ ਗਰਗ ਨੇ ਸਿੱਖਿਆ ਦੇ ਖੇਤਰ ਵਿਚ ਕਈ ਮਾਅਰਕੇ ਮਾਰੇ ਹਨ। ਇਸ ਤੋਂ ਇਲਾਵਾ ਅਧਿਆਪਕ ਹਰਪ੍ਰੀਤ ਸਿੰਘ ਦਾ ਸਫਰ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਵਿੱਚ ਪੁਰਾਣੀ ਤੇ ਖਸਤਾ ਹਾਲਤ ਇਮਾਰਤ ਨਾਲ ਸ਼ੁਰੂ ਹੋਇਆ ਸੀ। ਉਨ੍ਹਾਂ ਆਪਣੀ ਮਿਹਨਤ ਅਤੇ ਸ਼ਿੱਦਤ ਨਾਲ ਇਸ ਸਕੂਲ ਨੂੰ ਪੰਜਾਬ ਦਾ ਪਹਿਲਾ ਸਮਾਰਟ ਸਰਕਾਰੀ ਸਕੂਲ ਬਣਾਇਆ। ਪਿੰਡ ਦੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਬੀਹਲਾ ਦੇ ਇਸ ਸਕੂਲ ਵਿੱਚ ਏਨੀਆਂ ਸਹੂਲਤਾਂ ਦਿੱਤੀਆਂ ਗਈਆਂ ਕਿ ਇਹ ਸਕੂਲ ਵੱਡੇ ਨਿੱਜੀ ਸਕੂਲਾਂ ਨੂੰ ਮਾਤ ਪਾ ਰਿਹਾ ਹੈ।
ਚੰਡੀਗੜ੍ਹ ਦੀ ਸੀਮਾ ਰਾਣੀ ਦਾ ਕੌਮੀ ਐਵਾਰਡ ਨਾਲ ਸਨਮਾਨ
ਚੰਡੀਗੜ੍ਹ (ਟਨਸ): ਯੂਟੀ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਸੀਮਾ ਰਾਣੀ ਨੂੰ ਅੱਜ ਨਵੀਂ ਦਿੱਲੀ ਵਿਚ ਅਧਿਆਪਕ ਦਿਵਸ ਮੌਕੇ ਸਨਮਾਨਿਆ ਗਿਆ। ਸੀਮਾ ਰਾਣੀ ਨੇ ਸਿੱਖਿਆ ਦੇ ਖੇਤਰ ਵਿਚ ਪਿਛਲੇ ਕਈ ਸਾਲਾਂ ਤੋਂ ਅਹਿਮ ਕੰਮ ਕੀਤੇ ਹਨ। ਉਨ੍ਹਾਂ ਪੇਂਡੂ ਖੇਤਰ ਦੇ ਸਕੂਲ ਵਿਚ ਬੱਚਿਆਂ ਦੀ ਸਕੂਲ ਵਿਚ ਦਾਖਲ ਹੋਣ ਦੀ ਦਰ ਵਧਾਈ। ਇਸ ਤੋਂ ਇਲਾਵਾ ਉਨ੍ਹਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਧਨਾਸ ਵਿਚ ਇਮਾਨਦਾਰੀ ਦੀ ਦੁਕਾਨ ਵੀ ਸ਼ੁਰੂ ਕਰਵਾਈ ਜਿਸ ਵਿਚ ਵਿਦਿਆਰਥੀ ਆਪ ਹੀ ਪੈਸੇ ਰੱਖਦੇ ਹਨ ਤੇ ਸਟੇਸ਼ਨਰੀ ਆਦਿ ਲੈ ਕੇ ਜਾਂਦੇ ਹਨ। ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਅਧਿਆਪਕ ਨੂੰ ਪੰਜ ਸਾਲ ਬਾਅਦ ਕੌਮੀ ਐਵਾਰਡ ਨਾਲ ਸਨਮਾਨਿਆ ਗਿਆ ਹੈ।