ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਨਵੰਬਰ
ਅਣਵੰਡੇ ਭਾਰਤ ਦੇ ਸਾਂਝੇ ਕਲਾਕਾਰ ਮਰਹੂਮ ਅਮਰ ਨਾਥ ਸਹਿਗਲ ਦੀਆਂ ਦੋ ਕਲਾਕ੍ਰਿਤਾਂ ਇੱਥੇ ਪਾਰਟੀਸ਼ਨ ਮਿਊਜ਼ੀਅਮ ਵਿੱਚ ਲਿਆਂਦੀਆਂ ਗਈਆਂ ਹਨ, ਜੋ ਵੰਡ ਦੀ ਪੀੜ ਉਜਾਗਰ ਕਰਦੀਆਂ ਹਨ। ਅਮਰ ਨਾਥ ਸਹਿਗਲ ਦੀਆਂ ਕਲਾਕ੍ਰਿਤਾਂ ਦਾ ਉਦਘਾਟਨ ਅੱਜ ਸ਼ਾਮ ਪਾਰਟੀਸ਼ਨ ਮਿਊਜ਼ੀਅਮ ਵਿੱਚ ਕੀਤਾ ਗਿਆ ਤੇ ਇਸ ਸਬੰਧੀ ਸਮਾਰੋਹ ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਦੀ ਯਾਦਗਾਰ ਨੂੰ ਸਮਰਪਿਤ ਰਿਹਾ। ਜਾਣਕਾਰੀ ਮੁਤਾਬਕ ਮਰਹੂਮ ਕਲਾਕਾਰ ਦੀ ਜਨਮ ਸ਼ਤਾਬਦੀ ਵੀ ਮਨਾਈ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਸਮੂਹ ਕਲਾਕ੍ਰਿਤਾਂ ਅਮਰ ਨਾਥ ਸਹਿਗਲ ਪ੍ਰਾਈਵੇਟ ਕੁਲੈਕਸ਼ਨ ਸੰਸਥਾ ਵੱਲੋਂ ਸੰਭਾਲੀਆਂ ਹੋਈਆਂ ਹਨ। ਦੇਸ਼ ਦੀ ਵੰਡ ਵੇਲੇ ਇਸ ਕਲਾਕਾਰ ਨੇ ਜੋ ਦੁਖਦਾਈ ਘਟਨਾਵਾਂ ਦੇਖੀਆਂ ਸਨ, ਉਨ੍ਹਾਂ ਦੀ ਝਲਕ ਉਸ ਦੀਆਂ ਕਲਾਕ੍ਰਿਤਾਂ ਵਿੱਚੋਂ ਸਪਸ਼ਟ ਦਿਖਾਈ ਦਿੰਦੀ ਹੈ। ਦੋਵੇਂ ਕਲਾਕ੍ਰਿਤਾਂ ਵਿੱਚੋਂ ਇਕ ਚਿੱਤਰਕਲਾ ਅਤੇ ਦੂਜੀ ਕਾਂਸੀ ਦਾ ਬੁੱਤ ਹੈ, ਜਿਨ੍ਹਾਂ ’ਚ ਲੋਕਾਂ ਦੇ ਕੁਰਲਾਉਂਦੇ ਚਿਹਰੇ ਦਿਖਾਈ ਦਿੰਦੇ ਹਨ। ਪਾਰਟੀਸ਼ਨ ਮਿਊਜ਼ੀਅਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਮਰ ਨਾਥ ਸਹਿਗਲ ਦਾ ਜਨਮ 1922 ਵਿੱਚ ਅਣਵੰਡੇ ਭਾਰਤ ਦੇ ਅਟਕ ਜ਼ਿਲ੍ਹੇ ਦੇ ਪਿੰਡ ਕੈਂਪਬੈੱਲਪੁਰ ’ਚ ਹੋਇਆ ਸੀ। ਉਨ੍ਹਾਂ ਆਪਣੀ ਸਿੱਖਿਆ ਲਾਹੌਰ ਦੇ ਸਰਕਾਰੀ ਕਾਲਜ ਵਿੱਚ ਪੂਰੀ ਕੀਤੀ ਤੇ ਉਪਰੰਤ ਲਾਹੌਰ ਦੇ ਮੇਓ ਸਕੂਲ ਆਫ਼ ਆਰਟ ’ਚ ਕਲਾ ਦੀ ਵਿੱਦਿਆ ਪ੍ਰਾਪਤ ਕੀਤੀ। ਉਨ੍ਹਾਂ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦਾ ਦੇਹਾਂਤ 2007 ’ਚ ਹੋ ਗਿਆ ਸੀ। ਅੱਜ ਪਾਰਟੀਸ਼ਨ ਮਿਊਜ਼ੀਅਮ ਚਲਾ ਰਹੀ ਸੰਸਥਾ ਦਿ ਆਰਟ ਐਂਡ ਕਲਚਰਲ ਹੈਰੀਟੇਜ ਟਰੱਸਟ ਦੀ ਮੈਂਬਰ ਬਿੰਦੂ ਮਨਚੰਦਾ ਤੇ ਉਨ੍ਹਾਂ ਦੀ ਦਿੱਲੀ ਸਥਿਤ ਗੈਲਰੀ ਦੀ ਪ੍ਰਬੰਧਕ ਰਾਜਵਿੰਦਰ ਕੌਰ ਹਾਜ਼ਰ ਸਨ।